ਮਲੋਟ ਜੋਨ ਬਲਾਕ ਸੰਮਤੀ ਤੇ ਅਕਾਲੀ ਦਲ ਮਹਿਲਾਵਾਂ ਨੇ ਕੀਤਾ ਕਬਜਾ

ਮਲੋਟ (ਹੈਪੀ) : ਮਲੋਟ ਜੋਨ ਬਲਾਕ ਸੰਮਤੀ ਦੀ ਚੇਅਰਮੈਨੀ ਲਈ ਅਕਾਲੀ ਦਲ ਦੀਆਂ ਮਹਿਲਾਵਾਂ ਨੇ ਬਾਜੀ ਮਾਰੀ ਅਤੇ ਪਰਮਜੀਤ ਕੌਰ ਪੱਕੀ ਨੂੰ ਚੇਅਰਪਰਸਨ ਅਤੇ ਜਸਦੀਪ ਕੌਰ ਤਰਖਾਣਵਾਲਾ ਨੂੰ ਵਾਈਸ ਚੇਅਰਮੈਨ ਚੁਣ ਲਿਆ ਗਿਆ । ਅਕਾਲੀ ਦਲ ਦੇ ਵਰਕਰਾਂ ਦੀ ਹੌਂਸਲਾ ਅਫਜਾਈ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵਰਕਰਾਂ ਦੇ ਬੁਲੰਦ ਹੌਂਸਲੇ ਤੇ ਇਕਜੁੱਟ ਰਹਿਣ ਕਾਰਨ ਹੀ ਇਹ ਜਿੱਤ ਪ੍ਰਾਪਤ ਹੋਈ ਹੈ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਚੋਣ ਵਿਚ ਹਿੱਸਾ ਨਾ ਲੈ ਅਤੇ ਦੂਜੀ ਵਾਰ ਅਕਾਲੀ ਦਲ ਮੈਂਬਰਾਂ ਨੂੰ ਧਮਕਾਉਣ ਵਰਗਲਾਉਣ ਦੀਆਂ ਸਾਜਿਸ਼ਾਂ ਕਾਰਨ ਚੋਣ ਰੱਦ ਕੀਤੀ ਗਈ ਪਰ ਉਹਨਾਂ ਦੀ ਦਾਲ ਨਹੀ ਗਲੀ ਤੇ ਆਖਿਰ ਅਕਾਲੀ ਦਲ ਨੇ ਆਪਣੇ ਬਹੁਮਤ ਨਾਲ ਚੇਅਰਮੈਨ ਤੇ ਵਾਈਸ ਚੇਅਰਮੈਨ ਦੇ ਅਹੁਦੇ ਤੇ ਕਬਜਾ ਕਰ ਲਿਆ । ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਕੋਝੀਆਂ ਹਰਕਤਾਂ ਲੋਕਤੰਤਰ ਦੀ ਹੱਤਿਆ ਹੈ ਅਤੇ ਹਰ ਪਾਰਟੀ ਨੂੰ ਲੋਕ ਫਤਵੇ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ । ਚੌਟਾਲਾ ਪਰਿਵਾਰ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਇਕਜੁੱਟ ਹੋਣਾ ਚਾਹੀਦਾ ਹੈ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਚੌਟਾਲਾ ਪਰਿਵਾਰ ਨੂੰ ਵੀ ਰਾਜਨੀਤੀ ਤੋਂ ਉਪਰ ਉਠ ਕੇ ਇਕਜੁੱਟ ਹੋਣ ਦੀ ਲੋੜ ਹੈ ਅਤੇ ਇਨੈਲੋ ਹਰਿਆਣਾ ਵਿਚ ਫਿਰ ਤੋਂ ਲੀਹ ਤੇ ਆ ਸਕਦੀ ਹੈ । ਉਹਨਾਂ ਕਿਹਾ ਕਿ ਇਸ ਸਬੰਧੀ ਬਹੁਤ ਸਾਰੀਆਂ ਖਾਪ ਪੰਚਾਇਤਾਂ ਨੇ ਵੀ ਉਹਨਾਂ ਨਾਲ ਮੁਲਾਕਾਤ ਕਰਕੇ ਇਹ ਮੰਗ ਕੀਤੀ ਹੈ ਕਿ ਚੌਟਾਲਾ ਪਰਿਵਾਰ ਦਾ ਏਕਾ ਕਰਵਾ ਕੇ ਹਰਿਆਣਾ ਅੰਦਰ ਇਨੈਲੋ ਨੂੰ ਮਜਬੂਤ ਕੀਤਾ ਜਾਵੇ । ਕਰਤਾਰਪੁਰ ਲਾਂਘੇ ਤੇ ਲੱਗਣ ਵਾਲੇ ਪ੍ਰਸਤਾਵਿਤ ਟੈਕਸਾਂ ਬਾਰੇ ਪੁੱਛਣ ਤੇ ਸ. ਬਾਦਲ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਸਥਾਨ ਤੇ ਕੋਈ ਟੈਕਸ ਆਦਿ ਨਹੀ ਹੋਣਾ ਚਾਹੀਦਾ ਅਤੇ ਸਰਕਾਰਾਂ ਨੂੰ ਲੋਕਾਂ ਦੀ ਸ਼ਰਧਾ ਦਾ ਖਿਆਲ ਕਰਕੇ ਇਹ ਸਭ ਟੈਕਸ ਮੁੱਕਤ ਕਰਨਾ ਚਾਹੀਦਾ ਹੈ । ਪੰਜਾਬ ਅੰਦਰ ਨਸ਼ਿਆਂ ਨਾਲ ਤਬਾਹ ਹੋ ਰਹੀ ਜਵਾਨੀ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖੁਦ ਹੰਭਲਾ ਮਾਰਨ ਦੀ ਲੋੜ ਹੈ ਅਤੇ ਪ੍ਰਸ਼ਾਸਨ ਪੁਲਿਸ ਤੇ ਲੋਕਾਂ ਦੀ ਸਾਂਝੀ ਕੋਸ਼ਿਸ਼ ਨਾਲ ਹੀ ਪੰਜਾਬ ਨੂੰ ਨਸ਼ਾ ਮੁੱਕਤ ਕੀਤਾ ਜਾ ਸਕਦਾ ਹੈ । ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਲੱਕੀ ਉੜਾਂਗ, ਅਮਰਜੀਤ ਸਿੰਘ ਜੰਡਵਾਲਾ, ਗੁਰਚਰਨ ਸਿੰਘ ਓਐਸਡੀ, ਸੁਖਪਾਲ ਸਿੰਘ, ਬਸੰਤ ਸਿੰਘ ਕੰਗ, ਨਿੱਪੀ ਔਲਖ, ਕੁਲਬੀਰ ਸਿੰਘ ਕੋਟਭਾਈ, ਸ਼ਾਮ ਲਾਲ ਗੁਪਤਾ ਡੱਡੀ ਅਤੇ ਅਸ਼ਵਨੀ ਗੋਇਲ ਆਦਿ ਸਮੇਤ ਸਮੂਹ ਬਲਾਕ ਸੰਮਤੀ ਮੈਂਬਰ ਤੇ ਵਰਕਰ ਹਾਜਰ ਸਨ ।