History of Malout

ਮਲੋਟ ਸ਼ਹਿਰ : ਅੱਜ ਪੰਜਾਬ ਦੇ ਇਲਾਵਾ ਖੇਤਰ ਦਾ ਇੱਕ ਪ੍ਰਸਿੱਧ ਸ਼ਹਿਰ ਹੈ , ਭਾਵੇ  ਉਹ ਰਾਜਨੀਤਿਕ ਖੇਤਰ ਹੋਵੇ ਜਾਂ ਫਿਰ ਸਿੱਖਿਆ ਦਾ,  ਹਰ ਖੇਤਰ ਵਿੱਚ  ਮਲੋਟ ਵਾਸੀਆਂ ਨੇ ਵੱਖਰੀ ਪਹਿਚਾਣ ਛੱਡੀ ਹੈ |ਕਿਸੀ ਸਮੇਂ ਵਿੱਚ ਇੱਕ ਛੋਟੀ ਜਿਹੀ ਮੰਡੀ ਦੇ ਤੌਰ ਤੇ ਜਾਣਿਆਂ ਜਾਣ ਵਾਲਾ ਇਹ ਸ਼ਹਿਰ ਅੱਜ ਆਪਣੀ ਵਿਕਾਸਸ਼ੀਲ ਕਾਰਗੁਜ਼ਾਰੀ ਕਰਕੇ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਚਮਕ ਰਿਹਾ ਹੈ| ਕੌਮੀ ਰਾਹਨੰਬਰ 10 ਤੇ ਵਸੇ ਇਸ ਛੋਟੇ ਪਰ ਮਨਮੋਹਕ ਨਗਰ ਨੇ ਹੌਲੀ ਹੌਲੀ ਵਿਕਾਸ ਨਾਲ ਪਿੰਡ ਦਾਨੇਵਾਲਾ, ਛਾਪਿਆਂਵਾਲੀ, ਸੇਖੂ ਅਤੇ ਬੁਰਜਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ |

ਭੂੰਗੋਲਿਕ ਸਥਿਤੀ : ਮਲੋਟ ਖੇਤਰ ਦੀਆਂ ਹੱਦਾਂ ਇੱਕ ਪਾਸੇ ਹਰਿਆਣਾ, ਦੂਸਰੇ ਪਾਸੇ ਰਾਜਸਥਾਨ ਨਾਲ ਲੱਗਦੀ ਹੈ | ਮਲੋਟ ਦਾ ਰੇਲਵੇ ਸਟੇਸ਼ਨ ਬਠਿੰਡਾ ਸ਼੍ਰੀਗੰਗਾਨਗਰ ਲਾਈਨਾਂ ਤੇ ਬਠਿੰਡਾ ਤੋਂ ਲਗਭਗ 44 ਕਿਲੋਮੀਟਰ ਤੇ ਸੜਕ ਦੇ ਰਾਸਤੇ ਲਗਭਗ ਇੰਨਾ ਹੀ ਦੂਰ ਹੈ | ਮਲੋਟ ਦੀ ਮੁਕਤਸਰ ਅਬੋਹਰ ਅਤੇ ਡੱਬਵਾਲੀ ਤੋਂ ਦੂਰੀ ਲਗਭਗ ਸਮਾਨ (30 ਕਿਲੋਮੀਟਰ) ਹੀ ਹੈ | ਕੋਈ ਸਮਾਂ ਸੀ ਜਦ ਮਲੋਟ ਬਾਰੇ ਕਿਹਾ ਜਾਂਦਾ ਸੀ ਕਿ : ਪਾਣੀ ਦੀ ਤੋਟ, ਦਿਲਾਂ ਵਿੱਚ ਖੋਟ ਤੇ ਘੰਟੇ ਵਿੱਚ ਲੋਟ ਪੋਟ, ਪਰ ਜਿਵੇਂ ਸਮਾਂ ਬੀਤਦਾ ਗਿਆ ਸਥਿਤੀ ਵਿੱਚ ਬਦਲਾਅ ਆਉਂਦਾ ਗਿਆ |

ਮਲੋਟ ਦੇ ਨਾਮ ਦਾ ਰਹੱਸ : ਮਲੋਟ ਖੇਤਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਚਾਰ-ਪੰਜ ਸਦੀਆਂ ਪੁਰਾਣਾ ਹੈ | ਇਸ ਸਬੰਧੀ ਦੋ ਵੱਖ ਵੱਖ  ਮਤ ਹਨ | ਇੱਕ ਅਨੁਸਾਰ ਇਥੇ ਪਹਿਲਾਂ ਮਾਨ ਗੋਤ ਦੇ ਕਬੀਲੇਦੇ ਲੋਕਾਂ ਵਲੋਂ ਪਿੰਡ ਮਲੋਟ ਲਾਗੇ ਇੱਕ ਕੱਚਾ ਕੋਟ ਕਿਲਾ, ਜਿਸ ਦੇ ਨਿਸ਼ਾਨ ਅੱਜ ਵੀ ਕਾਇਮ ਹਨ ਕਾਇਮ ਕੀਤਾ ਗਿਆ ਸੀ, ਜਿਸ ਕਰਕੇ ਇਸ ਨਗਰ ਦਾ ਨਾਮ ਪਹਿਲਾਂ ਮਾਨਕੋਟ ਫਿਰ ਮਾਨ ਓਟ ਤੇ ਫਿਰ ਹੌਲੀ-ਹੌਲੀ ਮਲੋਟ ਨਾਲ ਪ੍ਰਸਿੱਧ ਹੋਇਆ | ਦੂਜੇ ਮਤ ਮੁਤਾਬਿਕ ਇਥੇ ਮੱਲ ਭਲਵਾਨ ਰਿਹਾ ਕਰਦਾ ਸੀ ਜੋ  ਇਮਾਨਦਾਰ ਅਤੇ ਦਿਆਲੂ ਸੀ ਅਤੇ ਲੋਕਾਂ ਨਾਲ ਸੁੱਖ ਦੁੱਖ ਵੰਡਣ ਵਾਲਾ ਸੱਜਣ ਵਿਅਕਤੀ ਸੀ, ਜੋ ਕਿਸੇ ਦੀ ਵੀ ਮਦਦ ਲਈ ਹਮੇਸ਼ਾਂ ਤਿਆਰ ਰਹਿੰਦਾ ਸੀ | ਇਥੋਂ ਦੇ ਲੋਕ ਫ਼ਕਰ ਨਾਲ ਕਿਹਾ ਕਰਦੇ ਸਨ ਕਿ ਮੱਲ ਦੀ ਓਟ ਵਿੱਚ ਰਹਿੰਦੇ ਹਾਂ | ਹੌਲੀ-ਹੌਲੀ  ਮੱਲ ਦੀ ਓਟ ਤੋਂ ਨਗਰ ਦਾ ਨਾਮ ਮਲੋਟ ਹੋ ਗਿਆ | ਹਾਲਾਂਕਿ ਇਹਨਾਂ ਦੋਵਾਂ ਮਤਾਂ ਦਾ ਵਾਸਤਵਿਕ ਰੂਪ ਵਿੱਚ ਇਕਸ਼ਾਫ ਨਹੀਂ ਹੋ ਸਕਿਆ |

ਮਲੋਟ ਦਾ ਨਿਰਮਾਣ : ਮਲੋਟ ਖੇਤਰ 18ਵੀਂ ਸਦੀਂ ਵਿੱਚ ਬ੍ਰਿਟਿਸ਼ ਸਰਕਾਰ ਦੇ ਸਮੇਂ ਵਿਕਸਿਤ ਹੋਇਆ | ਜਦ 1853 ਵਿੱਚ ਰਾਜਸਥਾਨ ਦੇ ਲੂਣਕਰਣ (ਬੀਕਾਨੇਰ) ਪਿੰਡ ਦੇ ਚੌਧਰੀ ਨਾਨਕਾ ਰਾਮ ਆਪਣੇ ਪਰਿਵਾਰ 1850 ਵੇਲੇ  ਚੌਧਰੀ ਨਾਨਕਾ ਰਾਮ ਨੇ ਅੰਗਰੇਜਾਂ ਕੋਲੋਂ 2800 ਕੀਲੇ ਜ਼ਮੀਨ ਜਿਸ ਤੇ ਅੱਜ ਮੰਡੀ ਹਰਜੀ ਰਾਮ ਇਲਾਕਾ ਵਸਿਆ ਹੋਇਆ ਹੈ | ਜਿਸ ਦਾ ਪੱਟਾ ਸਿਰਸਾ ਨਜ਼ਦੀਕ ਪਿੰਡ ਔਡਾ ਵਿਖੇ ਹੋਇਆ | ਚੌਧਰੀ ਨਾਨਕਾ ਰਾਮ ਨੇ 2800 ਏਕੜ ਜ਼ਮੀਨ ਨੂੰ ਆਪਣੇ ਤਿੰਨਾਂ ਪੁੱਤਰਾਂ ਸਰਦਾਰਾਂ ਰਾਮ, ਨਾਰਾਇਣ ਰਾਮ ਅਤੇ ਹਰਜ਼ੀ ਰਾਮ ਦਰਮਿਆਨ ਵੰਡ ਕੇ ਖੇਤੀਬਾੜੀ ਸ਼ੁਰੂ ਕਰ ਦਿੱਤੀ | ਚੌਧਰੀ ਪਰਿਵਾਰ 1833 ਤੋਂ ਲੈ ਕੇ 19ਵੀਂ ਸਦੀਂ ਦੇ ਆਰੰਭ ਤੱਕ ਪਿੰਡ ਮਲੋਟ ਵਿਖੇ ਹੀ ਰਿਹਾ | ਇਸੇ ਦੌਰਾਨ ਅੰਗਰੇਜਾਂ ਵੱਲੋਂ 20-20 ਮੀਲ ਵੇ ਰੇਲਵੇ ਸਟੇਸ਼ਨ ਬਣਾਉਣ ਦਾ ਫੈਸਲਾ ਕੀਤਾ ਗਿਆ |

ਉਸ ਸਮੇਂ ਦੇ ਨਿਯਮਾਂ ਮੁਤਾਬਿਕ ਇੱਕ ਕਮਰਸ਼ੀਅਲ ਸੈਂਟਰ ਕੋਲ ਰੇਲਵੇ ਸਟੇਸ਼ਨ ਬਣਾਇਆ ਜਾਂਦਾ ਸੀ | ਜਿੱਥੇ ਬਾਹਰੋਂ ਆਉਣ ਵਿਅਕਤੀ ਰਹਿ ਸਕਣ | ਇਸ ਸੈਂਟਰ ਵਿੱਚ ਸਕੂਲ, ਰੈਸਟ ਹਾਉਸ , ਤੇ ਧਾਰਮਿਕ ਸਥਾਨਾਂ ਦੀ ਸੁਵਿਧਾ ਹੁੰਦੀ ਸੀ | ਜਦ ਮਲੋਟ ਵਿੱਚ 1898 ਦੇ ਕਰੀਬ ਰੇਲਵੇ ਸਟੇਸ਼ਨ ਬਣਾਇਆ ਗਿਆ ਤਾਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨੇ  ਚੌਧਰੀ ਨਾਨਕਾ ਰਾਮ ਨਾਲ ਸੰਪਰਕ ਕੀਤਾ ਅਤੇ ਇਥੇ ਨਗਰ ਬਣਾਉਣ ਦੀ ਯੋਜਨਾ ਉਲੀਕੀ ਗਈ | ਉਸ ਵੇਲੇ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡ ਸੇਮੇਵਾਲਾ, ਕੋਟਲੀ ਵਾਲਾ ਤੇ ਕੁਤਿਆਂਵਾਲੀ  ਤੋਂ ਕਾਫੀ ਸੰਖਿਆ ਵਿੱਚੋਂ ਅਗਰਵਾਲ (ਬਾਣੀਏ) ਬਰਾਦਰੀ ਦੇ ਲੋਕ ਮਲੋਟ ਵਿੱਚ ਆ ਕੇ ਰਹਿਣ ਲੱਗ ਗਏ, ਜਿਹਨਾਂ ਨੂੰ ਦੁਕਾਨਾਂ ਘਰ ਤੋਂ ਰੇਲਵੇ ਸਟੇਸ਼ਨ ਤੋਂ ਸਹੂਲਤਾਂ ਦਿੱਤੀਆਂ ਗਈਆਂ | ਉਸ ਵੇਲੇ ਮਲੋਟ ਦੀ ਸਥਿਤੀ ਹਾਈ ਵੇ ਤੋਂ ਪੱਛਮ ਤੇ ਰੇਲਵੇ ਸਟੇਸ਼ਨ ਤੋਂ ਉੱਤਰ ਵੱਲ ਸੀ | ਮਲੋਟ ਵਿੱਚ ਪਹਿਲਾਂ ਤਿੰਨ ਹਵੇਲੀਆਂ ਚੌਧਰੀ ਪਰਿਵਾਰਾਂ ਦੀਆਂ 1918 ਵਿੱਚ ਬਣੀਆਂ | ਇਸ ਤਰਾਂ ਮਲੋਟ ਖੇਤਰ ਦਾ ਹੌਲੀ ਹੌਲੀ ਵਿਕਾਸ ਹੁੰਦਾ ਗਿਆ | ਇਸ ਮਗਰੋਂ 1919 ਵਿੱਚ ਪਿੰਡ ਪੱਕੀ ਟਿੱਬੀ ਨਿਵਾਸੀ ਸੇਠ ਠਾਕਰ ਦਾਸ ਅਹੂਜਾ ਦੀ ਅਗਵਾਈ ਵਿੱਚ ਕੁਝ ਮਹਾਜਨ ਬਰਾਦਰੀ ਦੇ ਲੋਕ ਚੌਧਰੀ ਹਰਜੀ ਰਾਮ ਨਾਲ ਮਿਲੇ ਤੇ ਉਹਨਾਂ ਤੇ ਮਕਾਨਾਂ ਲਈ ਪਲਾਟ ਖਰੀਦਣ ਦੀ ਇੱਛਾ ਪ੍ਰਗਟ ਕੀਤੀ | ਪ੍ਰੰਤੂ ਕਈ ਕਾਰਨਾਂਕਰਕੇ ਉਹਨਾਂ ਦੀ ਗੱਲ ਨਾ ਬਣ ਸਕੀ | ਜਿਸ ਮਗਰੋਂ 19 ਜਨਵਰੀ 1920 ਨੂੰ ਮਲੋਟ, ਗਿੱਦੜਬਾਹਾ, ਫਾਜ਼ਿਲਕਾ, ਅਬੋਹਰ ਤੇ ਨਜ਼ਦੀਕ ਪਿੰਡਾਂ ਦੇ ਮਹਾਜਨਾਂ ਨੇ ਹਾਈਵੇ ਦੀ ਪੂਰਵ ਦਿਸ਼ਾ ਵੱਲ ਮੰਡੀ ਦਾ ਨਿਰਮਾਣ ਕਰਨ ਦਾ ਮਨ ਬਣਾਇਆ | ਜਿਸਦੇ ਲਈ 7 ਮੈਂਬਰੀ ਦਾ ਗਠਨ ਕੀਤਾ ਗਿਆ | ਪਿੰਡ ਸ਼ੇਖੂ ਦੇ ਜਿਮੀਦਾਰ ਕੋਲੋਂ 1,14,163,32 ਰੁਪਏ ਦੇ 200 ਏਕੜ ਜ਼ਮੀਨ ਖ਼ਰੀਦੀ ਤੇ ਇਸ ਵਿੱਚ ਦੁਕਾਨਾਂ ਤੇ ਮਕਾਨਾਂ ਦਾ ਨਿਰਮਾਣ  ਕਰ ਦਿੱਤਾ | ਇਸ ਦੌਰਾਨ  19 ਨਵੰਬਰ 1921 ਨੂੰ ਅੰਗਰੇਜਾਂ ਨੂੰ ਅੰਗਰੇਜ਼ ਰਾਜਕੁਮਾਰ ਬਲੀ ਅਹਦ ਐਡਵਰਡ ਭਾਰਤ ਆਇਆ ਹੋਇਆ ਸੀ | ਉਸੇ ਦਿਨ ਇਸ ਦਾ ਨਾਮ ਐਡਵਰਡਗੰਜ ਮਲੋਟ ਮੰਡੀ ਰੱਖ ਦਿੱਤਾ ਗਿਆ | ਹਾਲਾਂਕਿ ਇਸ ਮੰਡੀ ਦਾ ਨਿਰਮਾਣ ਦੇਰੀ ਨਾਲ ਹੋਇਆ | ਪਰ ਵਪਾਰਿਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਮਲੋਟ ਨੇ ਮੰਡੀ ਹਰਜੀ ਰਾਮ ਤੋਂ ਵੱਧ ਤਰੱਕੀ ਕੀਤੀ ਤੇ 1940 ਤੱਕ ਇੱਥੇ ਡਾਕਘਰ, ਟੈਲੀਫੋਨ ਕੇਂਦਰ, ਆਰਾਮ ਘਰ, ਪਸ਼ੂ ਹਸਪਤਾਲ ਸ਼ਮਸ਼ਾਨ ਭੂਮੀ ਬਣ ਚੁੱਕੇ ਸਨ | ਜਿਸਦਾ ਕਾਰਨ ਐਡਵਰਡ ਗੰਜ ਮੰਡੀ ਨੂੰ ਯੋਜਨਾ ਬੱਧ ਤਰੀਕੇ ਨਾਲ ਬਣਾਉਣਾ ਸੀ |

ਅੱਜ ਦਾ ਮਲੋਟ :  ਅਜੋਕਾ ਮਲੋਟ ਇਹਨਾਂ ਦਿਨਾਂ ਵਿੱਚ ਜ਼ਿਮੀਦਾਰਾਂ ਵਲੋਂ ਵਸਾਏ ਨਗਰਾਂ ਦਾ ਸੁਮੇਲ ਨਾਲ ਪੈਦਾ ਹੋਇਆ ਸ਼ਹਿਰ ਹੈ | ਜਿਸਦੀਆਂ ਖੁਲੀਆਂ ਸੜਕਾਂ, ਗਲੀਆਂ, ਆਸ ਪਾਸ ਦੇ ਸ਼ਹਿਰ ਦੇ ਮੁਕਾਬਲੇ ਇੱਕ ਆਧੁਨਿਕ ਸੋਚ ਨੂੰ ਦਰਸਾਉਂਦੀ ਹੈ |ਇਸ ਸ਼ਹਿਰ ਦਾ ਕੈੰਪ, ਨਾਗਪਾਲ ਨਗਰੀ, ਆਦਰਸ਼ ਨਗਰ, ਸਰਾਭਾ ਨਗਰ, ਕ੍ਰਿਸ਼ਨਾ ਨਗਰ, ਦਸ਼ਮੇਸ਼ ਕਲੋਨੀ, ਗੋਬਿੰਦ ਨਗਰ, ਗੁਰੂ ਨਾਨਕ ਨਗਰ, ਪਟੇਲ ਨਗਰ, ਏਕਤਾ ਨਗਰ, ਮਹਾਂਵੀਰ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ, ਪੁਡਾ ਕਲੋਨੀ, ਗ੍ਰੀਨ ਵੈਲੀ, ਸਟਾਰ ਸਿਟੀ, ਦੀ ਸਥਾਪਨਾ ਨਾਲ ਇਸ ਦਾ ਪੱਕਾ ਵਿਸਥਾਰ ਹੋ ਚੁੱਕਾ ਹੈ | ਖਾਸ ਕਰਕੇ ਰੇਲਵੇ ਓਵਰਬ੍ਰਿਜ ਕਰਕੇਮਲੋਟ ਨੂੰ ਵੱਖਰੀ ਪਛਾਣ ਮਿਲ ਚੁੱਕੀ ਹੈ | ਹੁਣ ਸ਼ਹਿਰ ਵਿਚ ਸਕਾਈ ਮਾਲ ਅਤੇ ਸੀ ਸੀ ਪੀ ਮਾਲ ਆਉਣ ਨਾਲ ਹੌਲੀ- ਹੌਲੀ ਇਹ ਸ਼ਹਿਰ ਵਿਕਾਸ ਦੀਆਂ ਬੁਲੰਦੀਆਂਤੇ ਪੁੱਜ ਰਿਹਾ ਹੈ | ਭਾਵੇਂ ਰਾਜਨੀਤਿਕ ਖੇਤਰ ਹੋਵੇ ਜਾਂ ਸਿੱਖਿਆ ਦਾ, ਹਰ ਖੇਤਰ ਵਿੱਚ ਮਲੋਟ ਵਾਸੀ ਇੱਕ ਵੱਖਰਾ ਯੋਗਦਾਨ ਪਾ ਰਹੇ ਹਨ | ਅੱਜ ਜੇ ਲੋੜ ਹੈ ਤਾਂ ਸਾਨੂੰ ਪੁਰਾਣੀ ਸੋਚ ਬਦਲ ਕੇ ਇੱਕ ਵੱਖਰੀ ਸੋਚਬਣਾ ਕੇ ਸ਼ਹਿਰ ਨੂੰ ਹੋਰ  ਤਰੱਕੀ ਵੱਲ ਲੈ ਕੇ ਜਾਣ ਦੀ |