ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ 'ਸਾਈਬਰ-ਕ੍ਰਾਈਮ' ਵਿਸ਼ੇ 'ਤੇ ਕੀਤਾ ਗਿਆ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 'ਸਾਈਬਰ-ਕ੍ਰਾਈਮ' ਵਿਸ਼ੇ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਸੋਸ਼ਲ ਸਾਈਟਾਂ ਦੀ ਵਰਤੋਂ ਬੜੀ ਸੋਚ ਸਮਝਕੇ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਜੇਕਰ ਕੋਈ ਵਿਅਕਤੀ ਗਲਤੀ ਨਾਲ ਸਾਈਬਰ-ਕ੍ਰਾਈਮ ਦਾ ਸ਼ਿਕਾਰ ਬਣ ਵੀ ਜਾਂਦਾ ਹੈ ਤਾਂ ਉਹ ਟੋਲ-ਫ਼ਰੀ ਹੈੱਲਪਲਾਈਨ ਨੰਬਰ 1930 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਐੱਸ.ਏ.ਐਸ ਨਗਰ ਮੋਹਾਲੀ, ਦੇ ਦਿਸ਼ਾ ਨਿਰਦੇਸ਼ਾਂ 'ਤੇ 'ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ' ਵੱਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਕਾਲਜ ਪ੍ਰਿੰਸੀਪਲ ਡਾ. ਜਗਜੀਵਨ ਕੌਰ ਅਤੇ ਸਟਾਫ਼ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 'ਸਾਈਬਰ-ਕ੍ਰਾਈਮ' ਵਿਸ਼ੇ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਐੱਚ.ਈ.ਆਈ.ਐੱਸ ਦੇ ਮੈਂਬਰ ਸਕੱਤਰ ਪ੍ਰੋ. ਸਾਗਰ ਕੁਮਾਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਇਸ ਸਮਾਰੋਹ ਦੇ ਮੁੱਖ ਮਹਿਮਾਨ ਮਾਣਯੋਗ ਸ਼੍ਰੀ ਹਿਮਾਂਸ਼ੂ ਅਰੋੜਾ ਸਿਵਲ ਜੱਜ, ਸੀਨੀਅਰ ਡਿਵੀਜ਼ਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਕਾਨੂੰਨੀ ਸੇਵਾ ਅਥਾਰਟੀ ਅਤੇ ਮੁੱਖ ਵਕਤਾ ਇੰਸਪੈਕਟਰ ਸ੍ਰੀਮਤੀ ਰਵਿੰਦਰ ਕੌਰ ਬਰਾੜ, ਇੰਚਾਰਜ ਸਾਈਬਰ-ਕ੍ਰਾਈਮ ਸੈੱਲ ਸ੍ਰੀ ਮੁਕਤਸਰ ਸਾਹਿਬ ਦਾ ਕਾਲਜ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ। ਮੈਮ ਰਵਿੰਦਰ ਕੌਰ ਨੇ ਆਪਣੇ ਅਤਿਅੰਤ ਜਾਣਕਾਰੀ ਭਰਭੂਰ ਲੈੱਕਚਰ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਤਮਾਨ ਸਮੇਂ ਵਿੱਚ ਸਾਈਬਰ-ਅਪਰਾਧ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।

ਇਸ ਲਈ ਸਾਨੂੰ ਅਣ-ਅਧਿਕਾਰਿਤ ਵੈੱਬਸਾਈਟਾਂ ਦੇ ਲਿੰਕ ਨਹੀਂ ਖੋਲ੍ਹਣੇ ਚਾਹੀਦੇ। ਉਨ੍ਹਾਂ ਦੱਸਿਆ ਕਿ ਮੋਬਾਇਲ ਫੋਨਾਂ 'ਤੇ ਅਣਜਾਣੇ ਨੰਬਰਾਂ ਤੋਂ ਆਈਆਂ ਕਿਸੇ ਵੀ ਤਰ੍ਹਾਂ ਦੀਆਂ ਆਡੀਓ/ਵੀਡੀਓ ਕਾਲਾਂ ਨੂੰ ਵੀ ਰਿਸੀਵ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਆਪਣੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਨੀ ਚਾਹੀਦੀ ਹੈ। ਜੱਜ ਸਾਹਿਬ ਵੱਲੋਂ ਵਿਦਿਆਰਥੀਆਂ ਨੂੰ ਸੋਸ਼ਲ ਸਾਈਟਾਂ ਦੀ ਵਰਤੋਂ ਬੜੀ ਸੋਚ ਸਮਝਕੇ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਗਲਤੀ ਨਾਲ ਸਾਈਬਰ-ਕ੍ਰਾਈਮ ਦਾ ਸ਼ਿਕਾਰ ਬਣ ਵੀ ਜਾਂਦਾ ਹੈ ਤਾਂ ਉਹ ਟੋਲ-ਫ਼ਰੀ ਹੈੱਲਪਲਾਈਨ ਨੰਬਰ 1930 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਤਾਂ ਜੋ ਅਪਰਾਧੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਸੈਮੀਨਾਰ ਦੇ ਅਖੀਰ ਵਿੱਚ ਪ੍ਰਿੰਸੀਪਲ ਮੈਮ ਨੇ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਜਗਨਦੀਪ ਕੁਮਾਰ, ਸਟਾਫ਼ ਸਕੱਤਰ ਪ੍ਰੋ. ਦੀਪਇੰਦਰ ਸਿੰਘ, ਸੁਪਰਡੈਂਟ ਦੌਲਧ ਸਿੰਘ ਬਰਾੜ, ਪ੍ਰੋ. ਈਸ਼ਾ ਜੁਨੇਜਾ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਜਸਕਰਨ ਸਿੰਘ ਵਿਦਿਆਰਥੀ ਹਾਜ਼ਿਰ ਰਹੇ। ਪ੍ਰੋ. ਜਗਮੀਤ ਸਿੰਘ (ਪੰਜਾਬੀ ਵਿਭਾਗ) ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਪ੍ਰੋਗਰਾਮ ਦੇ ਅੰਤ ਵਿੱਚ ਐੱਨ.ਐੱਸ.ਐੱਸ ਯੂਨਿਟਸ ਦੇ ਇੰਚਾਰਜ ਪ੍ਰੋ. ਕੰਵਰਜੀਤ ਸਿੰਘ ਅਤੇ ਪ੍ਰੋ. ਹਰਮੀਤ ਕੌਰ ਵੱਲੋਂ ਸਤਿਕਾਰਯੋਗ ਮਹਿਮਾਨਾਂ ਦੇ ਕਰ-ਕਮਲਾਂ ਤੋਂ 'ਇੱਕ ਪੇੜ ਮਾਂ ਦੇ ਨਾਮ' ਮੁਹਿੰਮ ਅਧੀਨ ਇੱਕ-ਇੱਕ ਪੌਦਾ ਲਗਵਾ ਕੇ ਵਲੰਟੀਅਰਜ਼ ਨੂੰ ਵੀ ਪੌਦੇ ਵੰਡੇ ਗਏ।

Author : Malout Live