ਹੁਣ ਦਫਤਰੀ ਸਮੇਂ ਦੌਰਾਨ ਰਿਟਾਇਰਮੈਂਟ ਦੀਆਂ ਪਾਰਟੀਆਂ ਅਤੇ ਗਤੀਵੀਧਿਆਂ ਤੇ ਲੱਗੀ ਰੋਕ, ਹਦਾਇਤਾਂ ਜਾਰੀ
ਮਲੋਟ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਹੈ ਕਿ ਸਿਵਲ ਸਰਜਨ ਦਫਤਰਾਂ, ਸਿਹਤ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਅਕਸਰ ਰਿਟਾਇਰਮੈਂਟ ਅਤੇ ਗੈਰ ਸਰਕਾਰੀ ਗਤੀਵਿਧੀਆਂ ਦਫ਼ਤਰੀ ਸਮੇਂ ਦੌਰਾਨ ਕੀਤੀਆਂ ਜਾਂਦੀਆਂ ਹਨ। ਜਿਸ ਕਾਰਨ ਸਿਵਲ ਹਸਪਤਾਲ ਅਤੇ ਸਿਹਤ ਕੇਂਦਰਾਂ ਵਿੱਚ ਆਏ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ, ਜਿਸ ਕਾਰਨ ਮਰੀਜ਼ ਪ੍ਰੇਸ਼ਾਨ ਹੁੰਦੇ ਹਨ। ਇਸ ਲਈ ਉਕਤ ਅਨੁਸਾਰ ਸਮੂਹ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਪੰਜਾਬ ਰਾਜ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਦਫਤਰੀ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਟੀ/ ਗੈਰ ਸਰਕਾਰੀ ਗਤੀਵਿਧੀਆਂ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੁਸ਼ਕਿਲ ਪੇਸ਼ ਨਾ ਆਵੇ। Author: Malout Live