ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ 'ਤੇ ਪਿੰਡ ਵਾਸੀਆਂ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਲਾਈ ਗੁਹਾਰ
ਮਲੋਟ:- ਹਲਕੇ ਦੇ ਪਿੰਡ ਕਿੰਗਰਾ ਦੇ ਕਿਸਾਨਾਂ ਦੇ ਖੇਤਾਂ 'ਚ ਕਣਕ ਦੀ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨ 'ਤੇ ਪੀੜਤ ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਇਨਸਾਫ਼ ਦੀ ਗੁਹਾਰ ਲਾਈ। ਕੈਬਨਿਟ ਮੰਤਰੀ ਬਲਜੀਤ ਕੌਰ ਬੀਤੇ ਦਿਨ ਸੁਵਿਧਾ ਕੈਂਪ 'ਚ ਹਾਜ਼ਰੀ ਲਵਾਉਣ ਲਈ ਪਿੰਡ ਅਬੁਲਖੁਰਾਣਾ ਵਿਖੇ ਆਏ ਸਨ। ਜਿੱਥੇ ਪੀੜਤ ਕਿਸਾਨਾਂ ਨੇ ਲਿਖਤੀ ਸ਼ਿਕਾਇਤ ਦਿੱਤੀ। ਪਿੰਡ ਕਿੰਗਰਾ ਦੇ ਕਿਸਾਨ ਰਛਪਾਲ ਸਿੰਘ ਸਮੇਤ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਗੁਆਂਢੀ ਪਿੰਡ ਰੱਥੜੀਆਂ ਦੇ ਕਿਸਾਨ ਵੱਲੋਂ ਲਾਪ੍ਰਵਾਹੀ ਵਰਤਦਿਆਂ ਆਪਣੇ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਗਈ ਸੀ। ਉਕਤ ਕਿਸਾਨ ਨੇ ਅੱਗ ਬੁਝਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਅੱਗ ਅੱਗੇ ਉਨ੍ਹਾਂ ਦੇ ਪਿੰਡ ਦੇ 200 ਏਕੜ ਦੇ ਲਗਪਗ ਰਕਬੇ 'ਚ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਗ ਦੀ ਲਪੇਟ 'ਚ ਉਨ੍ਹਾਂ ਦੇ ਕਣਕ ਦਾ ਨਾੜ, ਗੰਨੇ ਦੇ ਖੇਤ ਤੋਂ ਇਲਾਵਾ ਟਿਊਬਵੈੱਲ, ਬਿਜਲੀ ਦੀਆਂ ਮੋਟਰਾਂ, ਸਟਾਰਟਰ, ਫ਼ਲਦਾਰ ਬੂਟੇ ਅਤੇ ਸਬਜ਼ੀਆਂ ਸੜ ਗਈ ਹਨ। ਕਿਸਾਨਾਂ ਦੇ ਘਰ ਵਿੱਚ ਪਸ਼ੂਆਂ ਲਈ ਤੂੜੀ ਬਣਾਉਣ ਲਈ ਕਣਕ ਦਾ ਨਾੜ ਵੀ ਨਹੀਂ ਬਚਿਆ। ਤੂੜੀ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਅਤੇ ਉਨ੍ਹਾਂ ਲਈ ਤੂੜੀ ਖਰੀਦਣਾ ਵੀ ਮੁਸ਼ਕਿਲ ਹੋ ਗਿਆ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਈ ਲੱਖਾਂ ਦਾ ਨੁਕਸਾਨ ਹੋਇਆ ਹੈ। ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਉਪਰੰਤ ਉਨ੍ਹਾਂ ਨੇ ਹੁਣ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਉਨ੍ਹਾਂ ਨੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। Author : Malout Live