“ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਜਿਲ੍ਹਾ ਪੱਧਰ ਤੇ ਮਲੋਟ ਵਿਖੇ ਲਗਾਇਆ ਜਾਵੇਗਾ ਕੈਂਪ- ਡਿਪਟੀ ਕਮਿਸ਼ਨਰ
ਮਲੋਟ: ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦੱਸਿਆਂ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ ਵੱਲੋਂ ਸੀਨੀਅਰ ਸਿਟੀਜ਼ਨ ਦੀ ਭਲਾਈ ਸੰਬੰਧੀ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਜਿਲ੍ਹਾ ਪੱਧਰ ਤੇ ਕੈਂਪ ਦਾ ਆਯੋਜਨ ਪੰਜਾਬ ਪੈਲੇਸ ਮਲੋਟ ਵਿਖੇ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਕੈਂਪ ਪੰਜਾਬ ਸਰਕਾਰ ਵੱਲੋਂ ਜਾਰੀ ਸ਼ਡਿਊਲਡ ਅਨੁਸਾਰ 11 ਅਕਤੂਬਰ 2023 ਨੂੰ ਸਵੇਰੇ 10:00 ਵਜੇ ਤੋਂ 03:00 ਵਜੇ ਤੱਕ ਪੰਜਾਬ ਪੈਲੇਸ ਮਲੋਟ ਵਿਖੇ ਬਜ਼ੁਰਗਾਂ ਲਈ ਸਿਹਤ ਸੰਬੰਧੀ ਲੱਗੇਗਾ। ਉਹਨਾਂ ਦੱਸਿਆ ਕਿ ਇਸ ਕੈਂਪ ਦੀ ਪ੍ਰਧਾਨਗੀ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਵੱਲੋਂ ਕੀਤੀ ਜਾਵੇਗੀ ਅਤੇ ਸ੍ਰ. ਗੁਰਮੀਤ ਸਿੰਘ ਖੁੱਡੀਆ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਇਸ ਕੈਂਪ ਵਿੱਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਬਜੁ਼ਰਗਾਂ ਦੀਆਂ ਅੱਖਾਂ, ਨੱਕ, ਕੰਨ, ਜੋੜਾਂ ਸੰਬੰਧੀ ਡਾਕਟਰੀ ਜਾਂਚ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ, ਐਨਕਾਂ, ਦਿੱਤੀਆਂ ਜਾਣਗੀਆ। ਇਸ ਕੈਂਪ ਵਿੱਚ ਹੋਮਿਓਪੈਥੀ ਡਾਕਟਰ, ਫਿਜੀਓਥਰੈਪੀ, ਕੌਂਸਲਰ ਵੀ ਸ਼ਾਮਿਲ ਹੋਣਗੇ। ਇਸ ਕੈਂਪ ਵਿੱਚ ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਅਤੇ ਸੀਨੀਅਰ ਸਿਟੀਜ਼ਨ ਕਾਰਡਾਂ ਦੇ ਫਾਰਮ ਵੀ ਭਰੇ ਜਾਣਗੇ। ਉਹਨਾਂ ਜਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜੁ਼ਰਗਾਂ ਨੂੰ ਇਸ ਕੈਂਪ ਵਿੱਚ ਲਿਆ ਕੇ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਕੰਵਰਜੀਤ ਸਿੰਘ ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ-ਮਲੋਟ, ਸ਼੍ਰੀ ਪੰਕਜ ਕੁਮਾਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਡਾ. ਰੀਟਾ ਬਾਲਾ ਸਿਵਿਲ ਸਰਜਨ, ਡਾ.ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ, ਸ਼੍ਰੀ ਜਸਪ੍ਰੀਤ ਸਿੰਘ ਛਾਬੜਾ ਪ੍ਰਧਾਨ ਮੁਕਤੀਸਰ ਵੈਲਫੇਅਰ ਕਲੱਬ ਵੀ ਮੌਜੂਦ ਸਨ। Author: Malout Live