ਗਰਮੀ ਦੇ ਤਣਾਅ ਤੋਂ ਕਣਕ ਬਚਾਉਣ ਲਈ ਪਿੰਡ ਸੰਗੂਧੌਣ ਵਿਖੇ ਲਗਾਇਆ ਜਾਗਰੂਕਤਾ ਕੈਂਪ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਸੰਗੂਧੌਣ ਵਿਖੇ ਕਣਕ ਦੀ ਫ਼ਸਲ ਵਿੱਚ ਗਰਮੀ ਦੇ ਤਣਾਅ ਦੇ ਪ੍ਰਬੰਧਨ ਬਾਰੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਲਗਭਗ 75 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਸੰਗੂਧੌਣ ਵਿਖੇ ਕਣਕ ਦੀ ਫ਼ਸਲ ਵਿੱਚ ਗਰਮੀ ਦੇ ਤਣਾਅ ਦੇ ਪ੍ਰਬੰਧਨ ਬਾਰੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਲਗਭਗ 75 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਤੇ ਡਾ. ਗੁਰਵਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੌਸਮੀ ਤਬਦੀਲੀ ਦੇ ਕਾਰਣਾਂ ਅਤੇ ਖੇਤੀਬਾੜੀ ਤੇ ਇਸਦੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖਾਸ ਕਰਕੇ ਝੋਨੇ ਅਤੇ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤੇ ਪੈਣ ਵਾਲੇ ਬੁਰੇ ਅਸਰ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸੰਬੰਧੀ ਮਸ਼ੀਨਾਂ ਦੀ ਵਰਤੋਂ ਦੇ ਫਾਇਦੇ ਦੱਸਦਿਆਂ ਇਨ੍ਹਾਂ ਤਕਨੀਕਾਂ ਨੂੰ ਅਪਣਾ ਕੇ ਵਾਤਾਵਰਣ ਦੀ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਵਿਵੇਕ ਕੁਮਾਰ ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਵਧਦੇ ਤਾਪਮਾਨ ਦਾ ਕਣਕ ਦੀ ਫਸਲ ਤੇ ਪੈਣ ਵਾਲੇ ਪ੍ਰਭਾਵਾਂ ਅਤੇ ਇਸ ਤੋਂ ਬਚਾਅ ਲਈ ਵੱਖ-ਵੱਖ ਪ੍ਰਬੰਧਕੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਕਣਕ ਦੀ ਫਸਲ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਗਰਮੀ ਦੇ ਤਣਾਅ ਨੂੰ ਘਟਾਉਣ ਵਿੱਚ ਮੱਦਦਗਾਰ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਮੌਸਮ ਦੌਰਾਨ ਕਣਕ ਦੀ ਫ਼ਸਲ ਵਿੱਚ ਆ ਸਕਣ ਵਾਲੀਆਂ ਮੁੱਖ ਬਿਮਾਰੀਆਂ ਅਤੇ ਕੀਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਫਸਲ ਦੀ ਨਿਯਮਿਤ ਨਿਗਰਾਨੀ ਕਰਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਕੈਂਪ ਦੇ ਅੰਤ ਵਿੱਚ ਡਾ. ਗੁਰਵਿੰਦਰ ਸਿੰਘ ਵੱਲੋਂ ਸਾਰੇ ਹਾਜ਼ਿਰ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਰਵਾਏ ਜਾਣ ਵਾਲੇ ਕਿਸਾਨ ਮੇਲਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ।
Author : Malout Live



