ਪੰਜਾਬ ਬੰਦ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਆਰ.ਐਮ.ਪੀ ਡਾਕਟਰਾਂ ਵੱਲੋਂ ਲੰਬੀ ‘ਚ ਰੋਹ ਭਰਪੂਰ ਪ੍ਰਦਰਸ਼ਨ
ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਬੰਦ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਲੰਬੀ ਵੱਲੋਂ ਕਸਬਾ ਲੰਬੀ ਵਿਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।
ਮਲੋਟ (ਪੰਜਾਬ) : ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਬੰਦ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਲੰਬੀ ਵੱਲੋਂ ਕਸਬਾ ਲੰਬੀ ਵਿਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਪ੍ਰਦਰਸ਼ਨ ਨੂੰ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਕਿਸਾਨ ਆਗੂ ਗੁਲਪਾਸ਼ ਸਿੰਘ ਸਿੰਘੇਵਾਲਾ ਤੇ ਆਰ.ਐਮ.ਪੀ ਡਾਕਟਰ ਯੂਨੀਅਨ ਦੇ ਆਗੂ ਮਨਜਿੰਦਰ ਸਿੰਘ ਸਰਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੇੜਣ ਦੀ ਥਾਂ ਨਸ਼ਿਆਂ ਖ਼ਿਲਾਫ਼ ਅਵਾਜ਼ ਉਠਾਉਣ ਵਾਲੇ ਲੋਕਾਂ ਵਿਰੁੱਧ ਹੀ ਯੁੱਧ ਛੇੜਿਆ ਹੋਇਆ ਹੈ।
ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਅਤੇ ਉਨ੍ਹਾਂ ਨੂੰ ਸਿਆਸੀ ਸ਼ਹਿ ਦੇਣ ਵਾਲੇ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਗੱਠਜੋੜ ਨੂੰ ਸਾਹਮਣੇ ਲਿਆ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਸਿੰਥੈਟਿਕ ਨਸ਼ਿਆਂ ਦੀਆਂ ਫੈਕਟਰੀਆਂ ਤੁਰੰਤ ਜ਼ਬਤ ਕੀਤੀਆਂ ਜਾਣ, ਨਸ਼ਿਆਂ ਤੋਂ ਪੀੜ੍ਹਿਤ ਨੌਜਵਾਨਾਂ ਦਾ ਢੁਕਵਾਂ ਇਲਾਜ, ਖ਼ੁਰਾਕ ਤੇ ਰੁਜ਼ਗਾਰ ਮੁੱਹਈਆ ਕਰਵਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦੇ ਕੋਹੜ ਤੋਂ ਮੁਕਤੀ ਪਾਉਣ ਲਈ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਨਾਲੋਂ ਸਪਸ਼ਟ ਨਖੇੜੇ ਦੀ ਲਕੀਰ ਖਿੱਚ ਕੇ ਵਿਸ਼ਾਲ ਤੇ ਸਿਰੜੀ ਲੋਕ ਲਹਿਰ ਉਸਾਰੀ ਜਾਵੇ। ਇਸ ਪ੍ਰਦਰਸ਼ਨ ਨੂੰ ਡਾ. ਹਰਪਾਲ ਸਿੰਘ ਕਿੱਲਿਆਂਵਾਲੀ, ਕਾਲਾ ਸਿੰਘ ਸਿੰਘੇਵਾਲਾ, ਤਾਰਾਵੰਤੀ ਕਿੱਲਿਆਂਵਾਲੀ, ਮਨੋਹਰ ਸਿੰਘ ਸਿੱਖਵਾਲਾ, ਮਲਕੀਤ ਸਿੰਘ ਗੱਗੜ, ਨਿਸ਼ਾਨ ਸਿੰਘ ਕੱਖਾਂ ਵਾਲੀ, ਪ੍ਰਭਜੋਤ ਸਿੰਘ ਘੁਮਿਆਰਾ, ਜਗਸੀਰ ਸਿੰਘ ਗੱਗੜ ਤੇ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਵਣਵਾਲਾ ਤੇ ਮੁਲਾਜ਼ਮ ਆਗੂ ਪ੍ਰਕਾਸ਼ ਚੰਦ ਚੰਨੂ ਨੇ ਸੰਬੋਧਨ ਕੀਤਾ।
Author : Malout Live



