ਪੰਜਾਬ ਸਕੂਲ ਸਿੱਖਿਆ ਬੋਰਡ ਨੇ 6ਵੀਂ ਤੋਂ 12ਵੀਂ ਜਮਾਤ ਲਈ ਬਾਏਮੰਥਲੀ, ਟਰਮ ਅਤੇ ਬੋਰਡ ਪ੍ਰੀਖਿਆਵਾਂ ਦਾ ਜਾਰੀ ਕੀਤਾ ਸ਼ਡਿਊਲ
ਮਲੋਟ (ਪੰਜਾਬ): ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਇਸ ਵਿੱਦਿਅਕ ਸੈਸ਼ਨ ’ਚ 6ਵੀਂ ਤੋਂ 12ਵੀਂ ਜਮਾਤ ਲਈ ਬਾਏਮੰਥਲੀ, ਟਰਮ ਅਤੇ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਸ਼ਡਿਊਲ ਮੁਤਾਬਕ ਬਾਏਮੰਥਲੀ ਟੈਸਟ-1 ਪ੍ਰੀਖਿਆ ਅਪ੍ਰੈਲ ਤੋਂ ਮਈ ਮਹੀਨੇ ਦੇ ਸਿਲੇਬਸ ’ਚੋਂ 15 ਜੁਲਾਈ ਤੱਕ ਸਕੂਲਾਂ ਨੂੰ ਲੈਣੀ ਹੋਵੇਗੀ, ਜੋ ਕਿ 20 ਅੰਕਾਂ ਦੀ ਹੋਵੇਗੀ। ਨਾਲ ਹੀ ਟਰਮ-1 ਦੀ ਪ੍ਰੀਖਿਆ ਸਤੰਬਰ ਮਹੀਨੇ 'ਚ ਲਈ ਜਾਵੇਗੀ, ਇਸ 'ਚ ਅਪ੍ਰੈਲ ਤੋਂ ਅਗਸਤ ਮਹੀਨੇ ਦਾ ਸਿਲੇਬਸ ਸ਼ਾਮਿਲ ਹੋਵੇਗਾ।ਬਾਏਮੰਥਲੀ ਟੈਸਟ-2 ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਦਸੰਬਰ ਤੱਕ ਲਏ ਜਾਣਗੇ।
ਇਸ ’ਚ ਅਕਤੂਬਰ ਅਤੇ ਨਵੰਬਰ ਮਹੀਨੇ ਦਾ ਸਿਲੇਬਸ ਸ਼ਾਮਿਲ ਹੋਵੇਗਾ। ਇਹ ਵੀ 20 ਅੰਕਾਂ ਦੀ ਹੋਵੇਗੀ। ਬੋਰਡ ਕਲਾਸਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ 31 ਜਨਵਰੀ ਤੱਕ ਲਈਆਂ ਜਾਣਗੀਆਂ, ਜਿਸ 'ਚ ਪੂਰਾ ਸਿਲੇਬਸ ਸ਼ਾਮਿਲ ਹੋਵੇਗਾ। ਇਹ ਪ੍ਰੀਖਿਆ ਬੋਰਡ ਵੱਲੋਂ ਦਿੱਤੇ ਸੈਂਪਲ ਪੇਪਰਾਂ ’ਤੇ ਆਧਾਰਿਤ ਹੋਣਗੀਆਂ। ਨਾਨ-ਬੋਰਡ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਫਰਵਰੀ-ਮਾਰਚ ਮਹੀਨੇ ’ਚ ਲਈਆਂ ਜਾਣਗੀਆਂ। ਹਾਲਾਂਕਿ ਬੋਰਡ ਵਲੋਂ ਇਨ੍ਹਾਂ ਪ੍ਰੀਖਿਆਵਾਂ ਦੇ ਸਬਬੰਧ 'ਚ ਸ਼ਡਿਊਲ ਜਾਰੀ ਕੀਤੇ ਜਾਣਗੇ। ਸਕੂਲਾਂ ਵੱਲੋਂ ਆਪਣੇ ਪੱਧਰ ’ਤੇ ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਦਾ ਰਿਕਾਰਡ ਰੱਖਿਆ ਜਾਵੇਗਾ। Author: Malout Live