ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਆਲੇ-ਦੁਆਲੇ ਦੀ ਸਫਾਈ ਬਹੁਤ ਜ਼ਰੂਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸੰਬੰਧ ਵਿੱਚ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜਿਲ੍ਹੇ ਦੇ ਸਮੂਹ ਮਲਟੀਪਰਪਜ਼ ਹੈੱਲਥ ਸੁਪਰਵਾਇਜ਼ਰ ਮੇਲ ਅਤੇ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨਾਂ ਦੀ ਮੀਟਿੰਗ ਡਾ. ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਕੀਤੀ ਹੋਈ। ਮੀਟਿੰਗ ਦੌਰਾਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਸਾਲ 2025 ਤੱਕ ਪੰਜਾਬ ਵਿੱਚੋਂ ਮਲੇਰੀਆ ਨੂੰ ਖ਼ਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਸਰਗਰਮ ਹੈ। ਉਨ੍ਹਾਂ ਸਮੂਹ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਹਾਟ ਸਪੋਟ ਵਾਲੇ ਇਲਾਕੇ, ਪ੍ਰਵਾਸੀ ਖੇਤਰ, ਸਕੂਲਾਂ, ਕਾਲਜਾਂ ਅਤੇ ਕਮਿਊਨਿਟੀ ਵਿੱਚ ਵਸੋਂ ਵਾਲੇ ਖੇਤਰਾਂ ਦੇ ਆਲੇ-ਦੁਆਲੇ ਮੱਛਰਾਂ ਦੇ ਪ੍ਰਜਨਣ ਨੂੰ ਰੋਕਣ ਲਈ ਨਿਰੰਤਰ ਜਾਗਰੂਕਤਾ ਫੈਲਾਈ ਜਾਵੇਗੀ। ੳੇਨ੍ਹਾਂ ਕਿਹਾ ਕਿ ਮਈ ਮਹੀਨੇ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦੇ ਸਮੂਹ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਮਲੇਰੀਆ ਅਤੇ ਡੇਂਗੂ ਸੰਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਸਾਮਗਮ ਲਗਾਏ ਜਾਣਗੇ। ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ

ਸਿਹਤ ਵਿਭਾਗ ਦੇ ਫੀਲਡ ਸਟਾਫ ਵੱਲੋਂ ਲੋਕਾਂ ਨੂੰ ਮਲੇਰੀਆ ਦੀ ਰੋਕਥਾਮ ਲਈ ਵੱਖ-ਵੱਖ ਥਾਵਾਂ ਤੇ ਸਮਾਗਮ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਹੋਰ ਸਾਧਨਾਂ ਦੀ ਵਰਤੋਂ ਕਰਕੇ ਮੱਛਰ ਦੇ ਕੱਟਣ ਤੋਂ ਬਚਣ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਛੱਪੜਾਂ ਆਦਿ ਵਿੱਚ ਕਾਲੇ ਤੇਲ ਦਾ ਛਿੜਕਾਅ ਕਰਕੇ ਮੱਛਰ ਦੇ ਲਾਰਵੇ ਨੂੰ ਖਾਣ ਵਾਲੀ ਗੰਬੂਜ਼ੀਆ ਮੱਛੀ ਨੂੰ ਛੱਡ ਕੇ ਵੀ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਗਰਮੀਆਂ ਅਤੇ ਬਾਰਿਸ਼ਾਂ ਦੇ ਮੌਸਮ ਦੀ ਆਮਦ ਨਾਲ ਮੱਛਰਾਂ ਦੀ ਪੈਦਾਵਾਰ ਦੇ ਅਨੁਕੂਲ ਵਾਤਾਵਰਨ ਹੋਣ ਕਾਰਨ ਮੱਛਰਾਂ ਦੇ ਪ੍ਰਜਨਣ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮਲੇਰੀਆ ਇੱਕ ਗੰਭੀਰ ਬਿਮਾਰੀ ਹੈ ਜੋ ਮਾਦਾ ਐਨੋਫਿਲਸ ਮੱਛਰ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦੀ ਹੈ। ਇਹ ਮੱਛਰ ਜ਼ਿਆਦਾਤਰ ਰਾਤ ਵੇਲੇ ਕੱਟਦਾ ਹੈ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਮਲੇਰੀਆ ਦੇ ਲੱਛਣ ਠੰਡ ਅਤੇ ਕਾਬੇਂ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ, ਥਕਾਵਟ ਅਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ। ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਭਗਵਾਨ ਦਾਸ, ਲਾਲ ਚੰਦ ਜਿਲ੍ਹਾ ਹੈਲਥ ਇੰਸਪੈਕਟਰ, ਪਵਿੱਤਰ ਸਿੰਘ ਮੈਡੀਕਲ ਲੈਬ ਟੈਕਨੀਸ਼ੀਅਨ ਅਤੇ ਜਿਲ੍ਹੇ ਦੇ ਸਮੂਹ ਮਲਟੀਪਰਪਜ਼ ਹੈੱਲਥ ਸੁਪਰਵਾਇਜ਼ਰ ਅਤੇ ਮੈਡੀਕਲ ਲੈਬ ਟੈਕਨੀਸ਼ੀਅਨ ਹਾਜ਼ਿਰ ਸਨ। Author: Malout Live