ਡੀ.ਏ.ਵੀ ਕਾਲਜ ਮਲੋਟ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਲੈਕਚਰ
ਡੀ.ਏ.ਵੀ ਕਾਲਜ ਮਲੋਟ ਦੀ ਐਨ.ਐੱਸ.ਐੱਸ ਯੂਨਿਟ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਵਿੱਚ ਨਸ਼ਾ ਮੁਕਤੀ ਦਾ ਸੰਦੇਸ਼ ਪਹੁੰਚਾਉਣ ਦੇ ਉਦੇਸ਼ ਨਾਲ ਨਸ਼ਾ ਮੁਕਤੀ ਵਿਸ਼ੇ 'ਤੇ ਵਿਸ਼ੇਸ਼ ਜਾਗਰੂਕਤਾ ਲੈੱਕਚਰ ਕਰਵਾਇਆ ਗਿਆ। ਇਸ ਮੌਕੇ ਸਾਂਝ ਕੇਂਦਰ ਸਬ-ਡਿਵੀਜ਼ਨ ਮਲੋਟ ਤੋਂ ਏ.ਐੱਸ.ਆਈ ਅਮਨਪ੍ਰੀਤ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਪਾਲ ਸਿੰਘ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਮਲੋਟ : ਡੀ.ਏ.ਵੀ ਕਾਲਜ ਮਲੋਟ ਦੀ ਐਨ.ਐੱਸ.ਐੱਸ ਯੂਨਿਟ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਵਿੱਚ ਨਸ਼ਾ ਮੁਕਤੀ ਦਾ ਸੰਦੇਸ਼ ਪਹੁੰਚਾਉਣ ਦੇ ਉਦੇਸ਼ ਨਾਲ ਨਸ਼ਾ ਮੁਕਤੀ ਵਿਸ਼ੇ 'ਤੇ ਵਿਸ਼ੇਸ਼ ਜਾਗਰੂਕਤਾ ਲੈੱਕਚਰ ਕਰਵਾਇਆ ਗਿਆ। ਇਸ ਮੌਕੇ ਸਾਂਝ ਕੇਂਦਰ ਸਬ-ਡਿਵੀਜ਼ਨ ਮਲੋਟ ਤੋਂ ਏ.ਐੱਸ.ਆਈ ਅਮਨਪ੍ਰੀਤ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਪਾਲ ਸਿੰਘ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਜੀਵਨ 'ਤੇ ਪੈਣ ਵਾਲੇ ਗੰਭੀਰ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਤ ਨਾ ਸਿਰਫ਼ ਵਿਅਕਤੀ ਦੇ ਭਵਿੱਖ ਨੂੰ ਤਬਾਹ ਕਰਦੀ ਹੈ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਗਲਤ ਸੰਗਤ ਤੋਂ ਦੂਰ ਰਹਿਣ, ਆਪਣੀ ਊਰਜਾ ਨੂੰ ਉਸਾਰੂ ਗਤੀਵਿਧੀਆਂ ਵਿੱਚ ਲਗਾਉਣ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਬਾਰੇ ਜਾਗਰੂਕ ਰਹਿਣ ਅਤੇ ਲੋੜ ਪੈਣ 'ਤੇ ਸੰਬੰਧਿਤ ਅਧਿਕਾਰੀਆਂ ਦੀ ਸਹਾਇਤਾ ਲੈਣ ਦਾ ਸੰਦੇਸ਼ ਵੀ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਪਣੀ ਜ਼ਿੰਮੇਵਾਰੀ ਸਮਝਦਿਆਂ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰੋਗਰਾਮ ਦਾ ਆਯੋਜਨ ਐਨ.ਐੱਸ.ਐੱਸ ਪ੍ਰੋਗਰਾਮ ਅਫ਼ਸਰਾਂ-ਮੈਡਮ ਰਿੰਪੂ ਅਤੇ ਮਿਸਟਰ ਵਿੱਕੀ ਕਾਲੜਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ।
Author : Malout Live



