ਮੂਲ ਮੰਤਰ ਹੀ ਬਾਬਾ ਨਾਨਕ ਵੱਲੋਂ ਉਚਾਰੀ ਬਾਣੀ ਦਾ ਮੁੱਖ ਸਾਰ ਹੈ – ਬਾਬਾ ਬਲਜੀਤ ਸਿੰਘ
ਮਲੋਟ (ਆਰਤੀ ਕਮਲ) :- ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਮਾਨਵਤਾ ਦੀ ਭਲਾਈ ਲਈ ਉਚਾਰੀ ਬਾਣੀ ਦਾ ਮੁੱਖ ਸਾਰ ਮੂਲ ਮੰਤਰ ਹੈ । ਪ੍ਰਾਣੀ ਮੂਲ ਮੰਤਰ ਨੂੰ ਸਮਝ ਕੇ ਤੇ ਜਾਪ ਕਰਕੇ ਬਾਬੇ ਨਾਨਕ ਦੇ ਬੇੜੇ ਵਿਚ ਸਵਾਰ ਹੋ ਜਾਂਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਸੰਗਤ ਨਾਲ ਸਾਂਝਾ ਕਰਦਿਆਂ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਜੀਵਨ ਜਾਚ ਹੈ ਅਤੇ ਬਾਬੇ ਨਾਨਕ ਦੇ ਸੰਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਇਨਸਾਨੀ ਜਿੰਦਗੀ ਨੂੰ ਸੁਖਾਲਾ ਕਰਨ ਲਈ ਸੌਖਾ ਤੇ ਸਿੱਧਾ ਤਰੀਕਾ ਹੈ ।
ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ 30 ਨਵੰਬਰ ਨੂੰ ਬਾਬਾ ਨਾਨਕ ਦਾ 551ਵਾਂ ਪ੍ਰਕਾਸ਼ ਪੁਰਬ ਹੈ ਜੋ ਕਿ ਗੁਰੂਘਰ ਵਿਖੇ 29 ਨਵੰਬਰ ਦਿਨ ਐਤਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ । ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਕਥਾ ਵਾਚਕ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਣਗੇ । ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਇਹ ਪੂਰਾ ਹਫਤਾ ਵੱਧ ਤੋਂ ਵੱਧ ਮੂਲ ਮੰਤਰ ਦਾ ਜਾਪ ਕਰਕੇ ਕੁਦਰਤ ਦੇ ਕਣ ਕਣ ਵਿਚ ਮੌਜੂਦ ਅਕਾਲ ਮੂਰਤਿ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰੋ । ਇਸ ਮੌਕੇ ਗੁ. ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਖਜਾਨਚੀ ਜੱਜ ਸ਼ਰਮਾ, ਜਤਿੰਦਰ ਕੁਮਾਰ, ਅਸ਼ਨਵੀ ਗੋਇਲ ਅਤੇ ਬਾਬਾ ਸੇਵਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ ।