ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਸਿੱਖ ਧਰਮ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਗੁਰਪੁਰਬ ਵੈਰਾਗਮਈ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਦੂਜੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਧੜ ਤੋਂ ਵੱਖ ਕਰਵਾ ਲੈਣ ਵਰਗੀ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਕਿਸੇ ਧਰਮ ਵਿਚ ਨਹੀ ਮਿਲਦੀ ।

ਇਹ ਇਕਲੌਤੀ ਰੀਤ ਬਾਬਾ ਨਾਨਕ ਦੇ ਚਲਾਏ ਸਿੱਖ ਧਰਮ ਦੇ ਹਿੱਸੇ ਆਈ ਹੈ ਜਿਥੇ ਇਕ 9 ਸਾਲ ਦਾ ਬਾਲਗ ਰੱਖਿਆ ਲਈ ਦਰ ਤੇ ਆਏ ਪੰਡਤਾਂ ਨੂੰ ਦਰੋਂ ਨਿਰਾਸ਼ ਨਾ ਹੋ ਕੇ ਜਾਣ ਦੇਣ ਲਈ ਆਪਣੇ ਪਿਤਾ ਨੂੰ ਸੀਸ ਕਟਵਾਉਣ ਲਈ ਕਹਿੰਦਾ ਹੈ । ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਜਦ ਆਪਣੇ ਆਪ ਨੂੰ ਸਮੇਂ ਦੀ ਮੁਗਲ ਹਕੂਮਤ ਅੱਗੇ ਪੇਸ਼ ਕਰ ਦਿੱਤਾ ਤਾਂ ਉਹਨਾਂ ਦੀ ਅਡੋਲਤਾ ਦੀ ਵੀ ਬਹੁਤ ਕਰੜੀ ਪ੍ਰੀਖਿਆ ਲਈ ਗਈ ਅਤੇ ਅਖੀਰ ਗੁਰੂ ਸਾਹਿਬ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ । ਬਾਬਾ ਜੀ ਨੇ ਕਿਹਾ ਕਿ ਅਜੋਕੇ ਸਮੇਂ ਨੌਜਵਾਨ ਪੀੜੀ ਬਹੁਤ ਹੀ ਛੋਟੀਆਂ ਗੱਲਾਂ ਤੇ ਥਿੜਕ ਕੇ ਕੁਰਾਹੇ ਪੈ ਜਾਂਦੀ ਹੈ ਕਿਉਂਕਿ ਆਪਾਂ ਨੌਜਵਾਨਾਂ ਨੂੰ ਆਪਣੇ ਕੁਰਬਾਨੀਆਂ ਭਰੇ ਇਤਹਾਸ ਤੋਂ ਸਹੀ ਢੰਗ ਨਾਲ ਜਾਣੂ ਨਹੀ ਕਰਵਾ ਸਕੇ । ਉਹਨਾਂ ਸੰਗਤ ਨੂੰ ਬੇਨਤੀ ਕੀਤੀ ਕਿ ਘਰਾਂ ਵਿਚ ਸਿੱਖ ਇਤਹਾਸ ਦੀਆਂ ਕਿਤਾਬਾਂ ਰੱਖੋ ਅਤੇ ਘਰ ਦੇ ਸਾਰੇ ਪਰਿਵਾਰਕ ਮੈਂਬਰ ਸੰਗਤੀ ਰੂਪ ਵਿਚ ਪੜਨ ਜਾਂ ਅਜੋਕੇ ਸਾਧਨ ਮੋਬਾਇਲ, ਕੰਪਿਊਟਰ ਆਦਿ ਤੋਂ ਵੀ ਇਤਹਾਸ ਨੂੰ ਘਰ ਵਿਚ ਪੜਿਆ ਸੁਣਿਆ ਜਾ ਸਕਦਾ ਹੈ । ਇਸ ਮੌਕੇ ਵੱਡੀ ਗਿਣਤੀ ਸੰਗਤ ਹਾਜਰ ਸੀ ।