ਡੀ.ਏ.ਵੀ ਕਾਲਜ ਦੀ ਟੁੱਟੀ ਕੰਧ ਨੇ ਨਸ਼ੇੜੀਆਂ ਦੀ ਲਾਈਆਂ ਮੌਜਾਂ, ਗਲੀ ਨਿਵਾਸੀ ਪ੍ਰੇਸ਼ਾਨ
ਮਲੋਟ (ਆਰਤੀ ਕਮਲ) : ਮਲੋਟ ਸ਼ਹਿਰ ਦਾ ਡੀ.ਏ.ਵੀ ਕਾਲਜ ਇਲਾਕੇ ਦੀ ਇਕ ਬਹੁਤ ਹੀ ਪੁਰਾਣੀ ਤੇ ਨਾਮਵਰ ਵਿਦਿਅਕ ਸੰਸਥਾ ਹੈ ਜਿਥੇ ਗੁਰਦਾਸ ਮਾਨ ਵਰਗੇ ਪੰਜਾਬ ਦੀ ਨਾਮਵਰ ਗਾਇਕਾਂ ਨੂੰ ਪੜਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ ਪਰ ਅਜੋਕੇ ਸਮੇਂ ਇਹ ਸੰਸਥਾ ਸ਼ਹਿਰ ਵਾਸੀਆਂ ਲਈ ਹੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ । ਨਾਲ ਲਗਦੇ ਵਾਰਡ ਨੰ. 7 ਵਾਲੇ ਹਿੱਸੇ ਵਿਚ ਕਾਲਜ ਦੀ ਕਰੀਬ 250 ਫੁੱਟ ਦਿਵਾਰ ਟੁੱਟੀ ਹੋਈ ਹੈ । ਕਾਲਜ ਦਾ ਮੁੱਖ ਦਿਵਾਰ ਤਾਂ ਸੁਰੱਖਿਆ ਕਰਕੇ ਬੰਦ ਹੁੰਦਾ ਹੈ ਪਰ ਇਸ ਟੁੱਟੀ ਦਿਵਾਰ ਤੋਂ ਲੋਕ ਮੋਟਰ ਸਾਈਕਲਾਂ ਸਮੇਤ ਅੰਦਰ ਦਾਖਲ ਹੁੰਦੇ ਹਨ । ਜਿਥੇ ਸਵੇਰ ਵੇਲੇ ਸੈਰ ਕਰਨ ਵਾਲੇ ਅੰਦਰ ਆਨੰਦ ਮਾਣਦੇ ਹਨ ਉਥੇ ਹੀ ਦੁਪਹਿਰ ਵੇਲੇ ਨਸ਼ੇੜੀ ਵੀ ਸੁਨਸਾਨ ਥਾਂ ਵਿਚ ਅਰਾਮ ਨਾਲ ਟੀਕੇ ਤੇ ਚਿੱਟੇ ਦਾ ਸੇਵਨ ਕਰਦੇ ਹਨ।
ਸ਼ਾਮ ਵੇਲੇ ਨੇੜਲੇ ਘਰਾਂ ਦੇ ਸ਼ਰਾਬੀਆਂ ਦੀਆਂ ਵੀ ਮੌਜਾਂ ਹਨ ਜਿਹਨਾਂ ਨੂੰ ਚੋਰੀ ਛੁਪੇ ਦਾਰੂ ਪੀਣ ਲਈ ਖੁਲੀ ਹਵਾਦਾਰ ਤੇ ਬਿਨਾ ਪੁਲਿਸ ਦੇ ਡਰ ਵਾਲੀ ਖੁਲ੍ਹੇ ਆਸਮਾਨ ਵਾਲੀ ਥਾਂ ਮਿਲਦੀ ਹੈ । ਇਥੇ ਹੀ ਬੱਸ ਨਹੀ ਆਸ਼ਕਾਂ ਦੀਆਂ ਵੀ ਮੌਜਾਂ ਹਨ । ਕਾਲਜ ਦਾ ਬਾਹਰੋਂ ਬੰਦ ਦਰਵਾਜਾ ਤੇ ਗਲੀ ਥਾਣੀ ਅੰਦਰ ਘੁੰਮਣ ਨੂੰ ਸੈਂਕੜੇ ਏਕੜ ਖੁਲੀ ਥਾਂ ਤੇ ਛੁਪਕੇ ਬੈਠਣ ਲਈ ਵੀ ਕੋਈ ਰੋਕ ਟੋਕ ਨਹੀ। ਗਲੀ ਨਿਵਾਸੀਆਂ ਅਸ਼ੋਕ ਮਹਿਤਾ, ਰਾਜਪਾਲ, ਡੱਡੀ ਅਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਉਹ ਕਈ ਵਾਰ ਜੁਬਾਨੀ ਤੇ ਲਿਖਤੀ ਰੂਪ ਵਿਚ ਕਾਲਜ ਪ੍ਰਿੰਸੀਪਲ ਨੂੰ ਬੇਨਤੀ ਕਰ ਚੁੱਕੇ ਹਨ ਪਰ ਕਾਲਜ ਵੱਲੋਂ ਕੋਈ ਪ੍ਰਬੰਧ ਨਹੀ ਕੀਤੇ ਗਏ । ਵਾਰਡ ਦੇ ਨਗਰ ਕੌਂਸਲਰ ਅਸ਼ੋਕ ਬਜਾਜ ਨੂੰ ਨਾਲ ਲੈ ਕੇ ਸਮੂਹ ਗਲੀ ਨਿਵਾਸੀ ਮਿਲ ਕੇ ਵੀ ਬੇਨਤੀ ਕਰ ਚੁੱਕੇ ਹਨ ਕਾਲਜ ਪ੍ਰਬੰਧਕ ਕੰਨ ਅੱਖਾਂ ਬੰਦ ਕਰਕੇ ਬੈਠੇ ਹਨ । ਅਸ਼ੋਕ ਮਹਿਤਾ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਪੱਤਰ ਦੀ ਕਾਪੀ ਅੱਜ ਜੀ.ਓ.ਜੀ ਮਲੋਟ ਦੇ ਇੰਚਾਰਜ ਹਰਪ੍ਰੀਤ ਸਿੰਘ ਨੂੰ ਵੀ ਦਿੱਤੀ ਹੈ ਤਾਂ ਜੋ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਮੱਸਿਆ ਤੋਂ ਜਾਣੂ ਕਰਵਾਇਆ ਜਾ ਸਕੇ । ਇਸ ਸਬੰਧੀ ਜਦ ਕਾਲਜ ਪ੍ਰਿੰਸੀਪਲ ਡ੍ਰਾ. ਆਰ ਕੇ ਉਪਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਗਲੀ ਵਾਸੀਆਂ ਦੀ ਮੰਗ ਜਾਇਜ ਹੈ ਪਰ ਕੋਵਿਡ19 ਦੇ ਚਲਦਿਆਂ ਕਾਲਜ ਵਿੱਚ ਫੀਸਾਂ ਵਗੈਰਾ ਦੇ ਫੰਡ ਰੈਗੂਲਰ ਨਹੀ ਆ ਰਹੇ ਅਤੇ ਕਾਲਜ ਸ਼ੁਰੂ ਹੋਣ ਉਪੰਰਤ ਜਾਂ ਫੰਡ ਆਉਣ ਤੇ ਇਹ ਦਿਵਾਰ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ ।