ਸ਼ੋਸ਼ਲ ਮੀਡੀਆ ਤੇ ਚੌਧਰੀ ਬਣਨ ਦੀ ਭੁੱਖ 'ਚ ਮਲੋਟ ਦੇ ਸਮਾਜ ਸੇਵੀਆਂ ਦਾ ਸਤਰ ਸ਼ਰਮਨਾਕ ਹੱਦ ਤੱਕ ਡਿੱਗਾ
ਮਲੋਟ:-(ਆਰਤੀ ਕਮਲ ) ਮਲੋਟ ਵਿਖੇ ਇਕ ਧਾਰਮਿਕ ਬੈਨਰ ਹੇਠ ਕੰਮ ਕਰ ਰਹੀ ਕੱਚੀ ਮੰਡੀ ਦੀ ਸਮਾਜਸੇਵੀ ਸੰਸਥਾ ਦੇ 4-5 ਨੌਜਵਾਨ ਪਟੇਲ ਨਗਰ ਵਿਖੇ ਪੁੱਜਦੇ ਹਨ । ਉਥੇ ਜਾ ਕੇ ਦੁਕਾਨਦਾਰਾਂ ਨੂੰ ਕਹਿੰਦੇ ਹਨ ਅਸੀਂ ਤੁਹਾਡੀਆਂ ਦੁਕਾਨਾਂ ਸੈਨੀਟਾਈਜ ਕਰਨੀਆਂ ਹਨ । ਦੁਕਾਨਦਾਰਾਂ ਨੇ ਰੋਟੀਨ ਵਿਚ ਨਾਂਹ ਕਿਉਂ ਕਰਨੀ ਸੀ ਕਹਿੰਦੇ ਕਰ ਦਿਉ ਜੀ । ਕਰੀਬ 5 ਮਿੰਟਾਂ ਤੋਂ ਵੀ ਘੱਟ ਸਮੇਂ ਅੰਦਰ ਇਹ ਨੌਜਵਾਨਾਂ ਨੇ ਦੁਕਾਨਾਂ ਤੇ ਸਪਰੇ ਕੀਤੀ ਅਤੇ ਦੁਕਾਨਦਾਰਾਂ ਨੂੰ ਬਾਹਰ ਸੜਕ ਤੇ ਬੁਲਾ ਲਿਆ । ਦੁਕਾਨਦਾਰਾਂ ਬਾਹਰ ਆ ਗਏ ਤਾਂ ਇਹਨਾਂ ਵਿਚੋਂ ਇਕ ਆਗੂ ਟਾਈਪ ਨੌਜਵਾਨਾਂ ਨੇ ਲਿਫਾਫੇ ਵਿਚੋਂ ਹਾਰ ਕੱਢੇ ਤੇ ਦੁਕਾਨਦਾਰਾਂ ਨੂੰ ਫੜਾ ਦਿੱਤੇ । ਦੁਕਾਨਦਾਰਾਂ ਨੂੰ ਕੁਝ ਸਮਝ ਨਹੀ ਆ ਰਿਹਾ ਸੀ ।
ਇਨੇ ਵਿਚ ਉਸ ਨੇ ਦੂਜੇ ਲਿਫਾਫੇ ਵਿਚੋਂ ਕੁਝ ਟੁੱਟੇ ਹੋਏ ਫੁਲ ਕੱਢੇ ਤੇ ਉਹ ਵੀ ਦੁਕਾਨਦਾਰਾਂ ਦੇ ਹੱਥ ਵਿਚ ਦੇ ਦਿੱਤੇ । ਇਸ ਆਗੂ ਨੇ ਆਪਣੇ ਇਕ ਸਾਥੀ ਨੂੰ ਵੀਡੀਓ ਬਣਾਉਣ ਦਾ ਇਸ਼ਾਰਾ ਕੀਤਾ ਅਤੇ ਦੁਕਾਨਦਾਰਾਂ ਨੂੰ ਕਿਹਾ ਕਿ ਇਹ ਹਾਰ ਸਾਡੇ ਗੱਲ ਪਾਉ ਤੇ ਫੁੱਲ ਸਾਡੇ ਉਤੇ ਸਿਟ ਦਿਉ । ਦੁਕਾਨਦਾਰ ਪਹਿਲਾਂ ਹੀ ਦਿਮਾਗੀ ਉਲਝਣ ਵਿਚ ਸਨ ਪਰ ਚਲੋ ਉਹਨਾਂ ਨੇ ਹਾਰ ਪਾ ਕੇ ਫੁੱਲ ਸੁਟ ਦਿੱਤੇ ਅਤੇ ਇਹ ਸਮਾਜਸੇਵੀ ਉਥੋਂ ਫੁਰਤੀ ਨਾਲ ਤੁਰਦੇ ਬਣੇ । ਉਹਨਾਂ ਦੇ ਜਾਣ ਮਗਰੋਂ ਜਦ ਦੁਕਾਨਦਾਰਾਂ ਆਪਸ ਵਿਚ ਗੱਲਬਾਤ ਕੀਤੀ ਤਾਂ ਸੱਭ ਇਕ ਦੂਜੇ ਨੂੰ ਪੁੱਛਣ ਲੱਗੇ ਕਿ ਕਿਸਦੇ ਸਾਥੀ ਸਨ ਇਹ ਤੇ ਕਿਹੜੇ ਦੁਕਾਨਦਾਰ ਨੇ ਸੱਦੇ ਸਨ ਜਦ ਸਾਰਿਆਂ ਨੇ ਕਿਸੇ ਨਾਲ ਜਾਣ ਪਹਿਚਾਣ ਜਾਂ ਸਾਥੀ ਹੋਣ ਤੋਂ ਇਨਕਾਰ ਕੀਤਾ ਤਾਂ ਸਾਰੇ ਦੁਕਾਨਦਾਰ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਸਨ ਜਦਕਿ ਦੂਜੇ ਪਾਸੇ ਇਹ ਸਮਾਜਸੇਵੀ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਸਨ ਸੰਸਥਾ ਦੇ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਬਰਖਾ ਨਾਲ ਸਨਮਾਨ । ਠੱਗੇ ਮਹਿਸੂਸ ਕਰ ਰਹੇ ਦੁਕਾਨਦਾਰਾਂ ਨੇ ਮਲੋਟ ਪ੍ਰੈਸ ਕਲੱਬ ਦੇ ਸੀਨੀਅਰ ਅਹੁਦੇਦਾਰ ਨੂੰ ਸੱਦ ਦੇ ਜਦ ਸਾਰੀ ਵਿਥਿਆ ਦੱਸੀ ਤਾਂ ਸੱਚਮੁੱਚ ਮਲੋਟ ਦੀ ਸਮਾਜਸੇਵਾ ਤੇ ਸ਼ਰਮ ਮਹਿਸੂਸ ਹੋਣ ਲੱਗੀ । ਪ੍ਰਮਾਤਮਾ ਅਜਿਹੇ ਸਮਾਜਸੇਵੀਆਂ ਨੂੰ ਸਮੁੱਤ ਬਖਸ਼ੇ ।