ਜ਼ੀਰੋ ਟਿਲ ਡਰਿਲਾ ਵਿੱਚ ਬਦਲਾਅ ਕਰਕੇ ਝੋਨਾ ਦੀ ਸਿੱਧੀ ਬਿਜਾਈ ਮਸ਼ੀਨਾਂ ਦਾ ਖੇਤੀਬਾੜੀ ਵਿਭਾਗ ਵੱਲੋਂ ਨਿਰੀਖਣ
ਸ੍ਰੀ ਮੁਕਤਸਰ ਸਾਹਿਬ:- ਕੌਵਿਡ-19 ਮਹਾਂਮਾਰੀ ਦੌਰਾਨ ਝੋਨੇ ਦੀ ਪਨੀਰੀ ਲਗਾਉਣ ਮੌਕੇ ਮਜ਼ਦੂਰਾ ਦੀ ਘਾਟ ਹੋਣ ਦੀ ਸੰਭਾਵਨਾ ਹੈ,ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਕਿਸਾਨਾ ਪਾਸ ਡੀ.ਐਸ.ਆਰ ਮਸ਼ੀਨਾ ਦੀ ਘਾਟ ਹੋਣ ਕਰਕੇ ਪਹਿਲਾ ਤੋ ਹੀ ਉਨ੍ਹਾਂ ਪਾਸ ਕਣਕ ਦੀ ਬਿਜਾਈ ਲਈ ਵਰਤੀਆ ਜਾਣ ਵਾਲੀਆ ਜ਼ੀਰੋ ਟਿਲ ਡਰਿਲਾ ਮਸ਼ੀਨਾਂ ਮੌਜੂਦ ਹਨ ਅਤੇ ਇਹਨਾਂ ਮਸ਼ੀਨਾਂ ਵਿੱਚ ਕੁਝ ਤਕਨੀਕੀ ਬਦਲਾਅ ਕਰਕੇ ਇਹਨਾਂ ਮਸ਼ੀਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਲਈ ਵਰਤੀ ਜਾ ਸਕਦੀਆਂ ਹਨ। ਇਸ ਤਰ੍ਹਾਂ ਦਾ ਇੱਕ ਤਜਰਬਾ ਜੀ ਮਾਨ ਫਾਰਮ ਇੰਡਸਟਰੀਜ, ਪਿੰਡ ਅਬੁੱਲ ਖੁਰਾਣਾ ਵਿਖੇ ਕਰਵਾਇਆ ਗਿਆ। ਫਰਮ ਦੇ ਮਾਲਕ ਗੋਲੂ ਮਾਨ ਨੇ ਖੇਤੀਬਾੜੀ ਵਿਭਾਗ ਦੇ ਇੰਜੀਨੀਅਰ ਅਭੈਜੀਤ ਸਿੰਘ ਧਾਲੀਵਾਲ ਨੂੰ ਦੱਸਿਆਂ ਕਿ ਉਸ ਵੱਲੋਂ ਜੀਰੋ ਟਿਲ ਡਰਿਲ ਦੇ ਡਰਾਈਵ ਵ੍ਹੀਲ ਉੱਪਰ ਵੱਡੀ ਗਰਾਰੀ ਪਾ ਕੇ ਸ਼ਾਫਟ ਦੀ ਚਾਲ ਨੂੰ ਘਟਾ ਕੇ ਅਤੇ ਆਇਡਲ ਗੇਅਰ ਪਾ ਕੇ ਬਕਸੇ ਵਿੱਚ ਮਸ਼ੀਨ ਦੀ ਚਾਲ ਨੂੰ ਘਟਾਇਆ ਗਿਆ ਹੈ। ਇਸ ਤਰ੍ਹਾ ਕਰਨ ਨਾਲ ਝੋਨੇ ਦਾ 8 ਤੋ 10 ਕਿਲੋ ਬੀਜ ਪ੍ਰਤੀ ਏਕੜ ਹੀ ਪੈਂਦਾ ਹੈ ਅਤੇ ਬੀਜ ਗੁੱਛਿਆਂ ਦੇ ਵਿੱਚ ਨਹੀ ਡਿੱਗਦਾ ਅਤੇ ਨਾ ਹੀ ਦਾਣਾ ਟੁੱਟਦਾ ਹੈ ਅਤੇ ਬੀਜ ਦੀ ਮਾਤਰਾ 15-20 ਬੀਜ ਪ੍ਰਤੀ ਮੀਟਰ ਹੀ ਰਹਿੰਦੀ ਹੈ। ਇਸ ਤਰ੍ਹਾਂ ਮਸ਼ੀਨ ਵਿੱਚ ਬਦਲਾਅ ਕਰਨ ਨਾਲ 4000 ਤੋ 5000 ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਇਸ ਮਸ਼ੀਨ ਨਾਲ ਹੋਰ ਫਸਲਾਂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਲੌਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਲਈ ਵਧੇਰੇ ਲਾਹੇਵੰਦ ਹੈ। ਜਦੋ ਕਿ ਰੇਤਲੀਆ ਜ਼ਮੀਨਾਂ ਵਿੱਚ ਇਸ ਤਕਨੀਕ ਨਾਲ ਬਿਜਾਈ ਕਰਨ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾ ਇਹ ਵੀ ਦੱਸਿਆ ਕਿ ਬਿਜਾਈ ਸ਼ਾਮ ਦੇ ਸਮੇਂ ਹੀ ਕੀਤੀ ਜਾਵੇ। ਬਿਜਾਈ ਤੋ ਪਹਿਲਾਂ ਬੀਜ ਨੂੰ 8 ਘੰਟੇ ਤੱਕ ਪਾਣੀ ਵਿੱਚ ਭਿਓ ਕੇ ਅਤੇ ਬਾਅਦ ਵਿੱਚ ਛਾਵੇਂ ਸੁੱਕਾ ਕੇ ਬੀਜਣਾ ਚਾਹੀਦਾ ਹੈ। ਬੀਜ ਭਿਉਣ ਸਮੇਂ 20 ਗ੍ਰਾਮ ਬਵਿਸਟਨ ਅਤੇ 1 ਗ੍ਰਾਮ ਸਟ੍ਰੈਪਟੋਸਾਇਕਲੀਨ ਨਾਲ ਬੀਜ ਦੀ ਸੋਧ ਕਰ ਲੈਣੀ ਚਾਹੀਦੀ ਹੈ। ਇਸ ਮੌਕੇ ਸ਼੍ਰੀ ਗੁਰਜੀਤ ਸਿੰਘ ਏ.ਡੀ.ਓ ਲੰਬੀ, ਸਤਵਿੰਦਰ ਸਿੰਘ ਖੇਤੀਬਾੜੀ ਟੈਕਨੀਸ਼ੀਅਨ ਤੋ ਇਲਾਵਾ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਅਤੇ ਹੋਰ ਕਿਸਾਨ ਵੀ ਹਾਜ਼ਰ ਸਨ।