ਆਈ. ਐਮ. ਏ. ਵੈਸਟ ਵਲੋਂ 23 ਨੂੰ ਹਸਪਤਾਲ ਬੰਦ ਰੱਖਣ ਦਾ ਕੀਤਾ ਫ਼ੈਸਲਾ

ਮਲੋਟ:- ਨਿੱਜੀ ਡਾਕਟਰਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵਲੋਂ ਕਲੀਨੀਕਲ ਇਸਟੈਬਲਸ਼ਮੈਂਟ ਐਕਟ ਨੂੰ ਇਕ ਜੁਲਾਈ 2020 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸਦਾ ਆਈ.ਐਮ.ਏ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੈਸਟ ਦੇ ਡਾ: ਗੁਰਦੀਪ ਸਿੰਘ ਭੁੱਲਰ, ਡਾ: ਸੁਖਵਿੰਦਰ ਸਿੰਘ ਮੱਲੀ, ਡਾ: ਕਿ੍ਸ਼ਨ ਲਾਲ ਸੇਠੀ, ਡਾ: ਨਰੂਲਾ ਨੇ ਦੱਸਿਆ ਕਿ ਸੰਸਦ ਮੈਂਬਰ, ਵਿਧਾਇਕ ਅਤੇ ਹੋਰ ਜਨਤਕ ਨੁਮਾਇੰਦਿਆਂ ਨੂੰ ਮੈਮੋਰੰਡਮ ਦੇ ਕੇ ਉਨ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਅਤੇ ਡੀ.ਸੀ. ਤੇ ਐਸ.ਡੀ.ਐਮ ਦੇ ਜ਼ਰੀਏ ਸਰਕਾਰ ਨੂੰ ਮੈਮੋਰੰਡਮ ਦਿੱਤਾ ਗਿਆ, ਪ੍ਰੰਤੂ ਇਸ ਮਾਮਲੇ ਸਬੰਧੀ ਕੋਈ ਹੱਲ ਨਹੀਂ ਹੋ ਸਕਿਆ।

  ਉਨ੍ਹਾਂ ਦੱਸਿਆ ਕਿ ਇਸ ਐਕਟ ਦੇ ਨਤੀਜੇ ਵਜੋਂ ਸਿਹਤ ਸੇਵਾਵਾਂ ਵਿਚ ਕੋਈ ਸੁਧਾਰ ਨਹੀਂ ਹੋਇਆ, ਬਲਕਿ ਇਸ ਦੇ ਉਲਟ ਸਰਕਾਰ ਦੀ ਬੇਲੋੜੀ ਦਖਲਅੰਦਾਜ਼ੀ ਵੱਧ ਗਈ, ਇਲਾਜ ਮਹਿੰਗਾ ਹੋ ਗਿਆ, ਛੋਟੇ ਹਸਪਤਾਲ ਬੰਦ ਹੋਣ ਦੀ ਕਗਾਰ 'ਤੇ ਆ ਗਏ ਅਤੇ ਉਨ੍ਹਾਂ ਦੇ ਮੁਲਾਜ਼ਮ ਬੇਰੁਜ਼ਗਾਰ ਹੋ ਗਏ। ਇਸ ਤੋਂ ਇਲਾਵਾ ਐਮ.ਬੀ.ਬੀ.ਐਸ ਦੀ ਫ਼ੀਸ ਵਿਚ ਬੇਲੋੜਾ ਵਾਧਾ ਕਰਕੇ ਮੈਡੀਕਲ ਸਿੱਖਿਆ ਨੂੰ ਹੋਣਹਾਰ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਗਿਆ ਹੈ, ਗਲੀ ਮੁਹੱਲਿਆਂ ਵਿਚ ਪਹਿਲਾਂ ਤੋਂ ਚੱਲ ਰਹੇ ਹਸਪਤਾਲ ਬੰਦ ਕਰਵਾਉਣ ਦੀ ਤਿਆਰੀ ਹੈ, ਨਿੱਜੀ ਹਸਪਤਾਲਾਂ ਨੂੰ ਪਾਣੀ ਸਾਫ਼ ਕਰਨ ਦੇ ਪਲਾਂਟ 30 ਜੂਨ ਤੱਕ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਸਾਰੇ ਮਸਲਿਆਂ ਦੇ ਹੱਲ ਲਈ ਸਰਕਾਰ ਤੱਕ ਕਈ ਵਾਰ ਪਹੁੰਚ ਕੀਤੀ ਗਈ, ਜੋ ਸਰਕਾਰ ਦੇ ਅੜੀਅਲ ਰਵੱਈਏ ਕਰਕੇ ਬੇ-ਨਤੀਜਾ ਰਹੀ। ਉਨ੍ਹਾਂ ਦੱਸਿਆ ਕਿ ਮਜਬੂਰ ਹੋ ਕੇ ਆਈ.ਐਮ.ਏ. ਪੰਜਾਬ ਦੇ ਸੱਦੇ 'ਤੇ 23 ਜੂਨ, 2020 ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਸਮੂਹ ਡਾਕਟਰਾਂ ਵਲੋਂ ਆਪਣੇ ਹਸਪਤਾਲ ਅਤੇ ਐਮਰਜੈਂਸੀ ਸੇਵਾਵਾਂ ਮੁਕੰਮਲ ਤੌਰ 'ਤੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ।