ਜੀ.ਓ.ਜੀ ਅਤੇ ਸੈਕਟਰੀ ਨੇ ਝੋਨੇ ਦੀ ਖਰੀਦ ਦੌਰਾਨ ਆਏ ਮੁੱਦਿਆਂ ਤੇ ਕੀਤੀ ਚਰਚਾ

ਮਲੋਟ :- ਕੋਵਿਡ-19 ਦੇ ਦੌਰ ਵਿਚ ਕਿਸਾਨਾਂ ਦੀ ਫਸਲ ਖਰੀਦ ਲਈ ਯੋਗ ਪ੍ਰਬੰਧ ਕਰਨਾ ਸਰਕਾਰ ਲਈ ਵੱਡੀ ਚਣੌਤੀ ਸੀ ਪਰ ਇਸਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਪਹਿਲਾਂ ਕਣਕ ਦੀ ਖਰੀਦ ਅਤੇ ਹੁਣ ਝੋਨੇ ਦੀ ਖਰੀਦ ਬਹੁਤ ਹੀ ਸੁਚਾਰੂ ਢੰਗ ਨਾਲ ਮੁਕੰਮਲ ਹੋਈ । ਇਸ ਖਰੀਦ ਦੌਰਾਨ ਜੀ.ਓ.ਜੀ (ਖੁਸ਼ਹਾਲੀ ਦੇ ਰਾਖੇ) ਨੂੰ ਵੀ ਸਰਕਾਰ ਵੱਲੋਂ ਮੰਡੀਆਂ ਵਿਚ ਤੈਨਾਤ ਕੀਤਾ ਗਿਆ ਸੀ ਜੋ ਕਿ ਹਰ ਰੋਜ ਹਰ ਖਰੀਦ ਕੇਂਦਰ ਦੀ ਮੁਕੰਮਲ ਰਿਪੋਰਟ ਸਰਕਾਰ ਨੂੰ ਦੇ ਰਹੇ ਸਨ । ਮਲੋਟ ਹਲਕੇ ਦੀਆਂ ਮੰਡੀਆਂ ਵਿਚ ਖਰੀਦ ਉਪਰੰਤ ਸਾਹਮਣੇ ਆਏ ਮੁੱਦਿਆਂ ਤੇ ਅੱਜ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਅਤੇ ਸੈਕਟਰੀ ਮਾਰਕੀਟ ਕਮੇਟੀ ਮਲੋਟ ਗੁਰਪ੍ਰੀਤ ਸਿੰਘ ਸਿੱਧੂ ਵਿਚਕਾਰ ਵਿਸ਼ੇਸ਼ ਮੀਟਿੰਗ ਦੌਰਾਨ ਵਿਚਾਰ ਚਰਚਾ ਹੋਈ ।

ਮੀਟਿੰਗ ਉਪਰੰਤ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਮਲੋਟ ਅਧੀਨ ਆਉਂਦੀਆਂ ਮੰਡੀਆਂ ਤੇ ਖਰੀਦ ਕੇਂਦਰਾਂ ਵਿਚ ਬਹੁਤ ਹੀ ਵਧੀਆ ਪ੍ਰਬੰਧ ਸਨ ਅਤੇ ਕਿਧਰੇ ਵੀ ਕਿਸਾਨਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀ ਕਰਵਾਈ ਗਈ । ਉਹਨਾਂ ਕਿਹਾ ਕਿ ਤੋਲ ਕੰਡੇ ਡਿਜਟਲ ਨਾ ਹੋਣ ਕਾਰਨ ਅਤੇ ਨਮੀ ਚੈਕ ਕਰਨ ਵਾਲੀਆਂ ਮਸ਼ੀਨਾਂ ਵਿਚ ਫਰਕ ਕਾਰਨ ਥੋੜੀ ਬਹੁਤ ਸਮੱਸਿਆ ਸੀ ਜੋ ਕਿ ਸੈਕਟਰੀ ਸਾਹਿਬ ਦੇ ਧਿਆਨ ਹਿੱਤ ਲਿਆ ਦਿੱਤੀ ਗਈ ਹੈ । ਸੈਕਟਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੰਡੀਆਂ ਵਿਚ ਜੀ.ਓ.ਜੀ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਸੀ। ਜੀ.ਓ.ਜੀ ਜਿਥੇ ਮੰਡੀਆਂ ਵਿਚ ਤੋਲ, ਲਿਫਟਿੰਗ , ਖਰੀਦ ਅਤੇ ਨਮੀ ਚੈਕਿੰਗ ਆਦਿ ਤੇ ਨਜਰ ਰੱਖ ਰਹੇ ਸਨ ਉਥੇ ਹੀ ਲਗਾਤਾਰ ਕਿਸਾਨਾਂ ਤੇ ਮੰਡੀ ਮਜਦੂਰਾਂ ਨੂੰ ਕੋਵਿਡ ਸਾਵਧਾਨੀਆਂ ਪ੍ਰਤੀ ਵੀ ਸੁਚੇਤ ਕਰਦੇ ਰਹੇ । ਉਹਨਾਂ ਕਿਹਾ ਕਿ ਜੋ ਵੀ ਪੁਆਇੰਟ ਜੀ.ਓ.ਜੀ ਵੱਲੋਂ ਉਹਨਾਂ ਦੇ ਧਿਆਨ ਹਿੱਤ ਲਿਆਂਦੇ ਗਏ ਹਨ ਉਹ ਅਗਲੀ ਖਰੀਦ ਤੋਂ ਪਹਿਲਾਂ ਹੱਲ ਕਰ ਲਈ ਜਾਣਗੇ ।