ਜੀ.ਓ.ਜੀ ਅਤੇ ਜੰਗਲਾਤ ਵਿਭਾਗ ਵੱਲੋਂ ਪਿੰਡ ਵੜਿੰਗ ਵਿਖੇ ਲਗਾਏ ਜਾ ਰਹੇ ਹਨ ਵੱਡੀ ਗਿਣਤੀ ਵਿੱਚ ਪੌਦੇ
ਮਲੋਟ:- ਜੰਗਲਾਤ ਵਿਭਾਗ ਵੱਲੋਂ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ) ਟੀਮ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਵੜਿੰਗ ਦੇ ਸ਼ਮਸ਼ਾਨਘਾਟ ਵਿਖੇ ਕਰੀਬ 2 ਹਜਾਰ ਪੌਦੇ ਲਗਾਏ ਜਾ ਰਹੇ ਹਨ। ਜੀ.ਓ.ਜੀ ਗੁਰਮੀਤ ਸਿੰਘ ਅਤੇ ਜੀ.ਓ.ਜੀ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਪਈ ਖਾਲੀ ਜ਼ਮੀਨ ਵਿੱਚ ਪਿੰਡ ਦੀ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਜੰਗਲਾਤ ਵਿਭਾਗ ਵੱਲੋਂ ਮਿੰਨੀ ਜੰਗਲ ਸਥਾਪਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਪੌਦੇ ਲਗਾਉਣ ਲਈ ਮਨਰੇਗਾ ਕਾਮਿਆਂ ਦੀ ਮਦਦ ਲਈ ਜਾ ਰਹੀ ਹੈ ਅਤੇ ਇਹਨਾਂ ਪੌਦਿਆਂ ਵਿੱਚ ਫ਼ਲਦਾਰ ਪੌਦੇ ਵੀ ਸ਼ਾਮਿਲ ਹਨ। ਜੀ.ਓ.ਜੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ 800 ਪੌਦੇ ਲਗਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਜੰਗਲਾਤ ਵਿਭਾਗ ਅਤੇ ਪਿੰਡ ਵਾਸੀਆਂ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਫੀਡਬੈੱਕ ਜੀ.ਓ.ਜੀ ਹੈੱਡਕਵਾਟਰ ਰਾਹੀਂ ਪੰਜਾਬ ਸਰਾਕਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਗਈ ਹੈ। ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਵਿਸ਼ੇਸ਼ ਉਪਰਾਲੇ ਕਰਦਿਆਂ ਵੱਡੀ ਗਿਣਤੀ ਪੌਦੇ ਲਗਾਏ ਗਏ ਹਨ, ਉਹਨਾਂ ਪਿੰਡਾਂ ਦੀ ਸਨਮਾਨ ਸੂਚੀ ਜਾਰੀ ਕਰਨ ਲਈ ਵੀ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਵੇਗੀ ਤਾਂ ਜੋ ਇਹਨਾਂ ਦੀ ਹੌਂਸਲਾ ਅਫ਼ਜਾਈ ਦੇ ਨਾਲ-ਨਾਲ ਬਾਕੀਆਂ ਨੂੰ ਵੀ ਪ੍ਰੇਰਨਾ ਮਿਲ ਸਕੇ। Author: Malout Live