ਤਰਸ ਦੇ ਆਧਾਰ ਵਾਲੀਆਂ ਨੌਕਰੀਆਂ ਦੀ ਮੰਗ ਨੂੰ ਮਨਾਉਣ ਲਈ ਯੂਨੀਅਨ ਮੈਂਬਰਾਂ ਕਰ ਰਹੇ ਨੇ ਤਿੱਖਾ ਸੰਘਰਸ਼

ਮਲੋਟ:- ਅੱਜ ਪੂਰੇ 37 ਦਿਨ ਹੋ ਚੁੱਕੇ ਹਨ ਬਿਜਲੀ ਬੋਰਡ ਪਟਿਆਲਾ ਦੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਹੈੱਡ ਆਫ਼ਿਸ ਪਟਿਆਲਾ ਵਿਖੇ ਮੋਰਚਾਬੰਦੀ ਕਰਕੇ ਆਪਣੀਆਂ ਤਰਸ ਆਧਾਰ ਵਾਲੀਆਂ ਨੌਕਰੀਆਂ ਦੀ ਮੰਗ ਨੂੰ ਮਨਾਉਣ ਲਈ ਯੂਨੀਅਨ ਮੈਂਬਰਾਂ ਨੇ ਤਿੱਖਾ ਸੰਘਰਸ਼ ਕਰਦੇ ਹੋਏ ਪਿਛਲੇ ਕਈ ਦਿਨਾਂ ਤੋਂ ਹੈੱਡ ਆਫਿਸ ਦੀ ਤਾਲਾਬੰਦੀ ਕਰ ਰੱਖੀ ਸੀ। ਜਿਸ ਕਾਰਨ ਸਾਰੇ ਪੰਜਾਬ ਵਿੱਚ ਬਿਜਲੀ ਬੋਰਡ ਮਹਿਕਮੇ ਦਾ ਕੰਮਕਾਜ ਪ੍ਰਭਾਵਿਤ ਹੋਇਆ ਅਤੇ ਇਸ ਤਾਲਾਬੰਦੀ ਨੂੰ ਖੁਲ੍ਹਵਾਉਣ ਲਈ ਖ਼ੁਦ ਸਰਕਾਰ ਨੂੰ ਵਿਚ ਪੈ ਕੇ ਮੈਨੇਜਮੈਂਟ ਅਤੇ ਯੂਨੀਅਨ ਦੀ ਸਹਿਮਤੀ ਕਰਾਈ।

ਐਮ.ਐਲ.ਏ ਪਿਰਮਲ ਧੌਲਾ ਜੀ ਨੇ ਮੀਟਿੰਗਾਂ ਦਾ ਦੌਰ ਚਲਾਉਂਦੇ ਹੋਏ ਯੂਨੀਅਨ ਦੇ ਨੁਮਾਇੰਦਿਆਂ ਨੂੰ ਹੈੱਡ ਆਫਿਸ ਪਟਿਆਲਾ ਦੀ ਤਾਲਾਬੰਦੀ ਖੋਲ੍ਹਣ ਲਈ ਸਹਿਮਤ ਕੀਤਾ ਅਤੇ ਨਾਲ ਹੀ ਬਿਜਲੀ ਬੋਰਡ ਪ੍ਰਬੰਧਕੀ ਡਾਇਰੈਕਟਰ ਆਰ ਪੀ ਪਾਂਡਵ ਨੇ ਅਕਤੂਬਰ ਮਹੀਨੇ ਦੇ ਅੰਤ ਤਕ ਇਕ ਨਵੀਂ ਪਾਲਿਸੀ ਜਾਰੀ ਕਰਕੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਰੈਗੂਲਰ ਨੌਕਰੀ ਦੇਣ ਦਾ ਵਾਅਦਾ ਕੀਤਾ। ਯੂਨੀਅਨ ਪ੍ਰਧਾਨ ਚਰਨਜੀਤ ਸਿੰਘ ਦਿਓਣ ਅਤੇ ਮੀਤ ਪ੍ਰਧਾਨ ਬਲਜੀਤ ਸਿੰਘ ਪੱਟੀ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਾਜ਼ਮ ਮਾਪਿਆਂ ਦੀ ਮੌਤ ਤੋਂ ਬਾਅਦ ਆਰਥਿਕ ਅਤੇ ਸਮਾਜਿਕ ਤੰਗੀ ਆਉਣ ਦੇ ਕਾਰਨ ਉਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਤਰਸਯੋਗ ਹਾਲਤ ਵਿਚ ਗੁਜ਼ਰ ਰਹੀ ਹੈ ਕਿਉਂਕਿ ਜੇਕਰ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਮੌਤ ਦੇ ਸਮੇਂ ਹੀ ਸਰਕਾਰੀ ਨੌਕਰੀ ਮਿਲ ਜਾਂਦੀ ਤਾਂ ਅੱਜ ਦੇ ਹਾਲਾਤ ਕੁਝ ਹੋਰ ਹੋਣੇ ਸੀ ਪ੍ਰੰਤੂ ਬਿਜਲੀ ਬੋਰਡ ਮੈਨੇਜਮੈਂਟ ਦੀ ਬੇਰੁਖ਼ੀ ਕਾਰਨ ਉਨ੍ਹਾਂ ਦੇ ਹਾਲਾਤ ਹੋਰ ਬਦਤਰ ਤੋਂ ਬਦਤਰ ਹੋ ਗਏ ਹਨ। ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੁਸ਼ਕਿਲਾਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਸਾਨੂੰ ਜਲਦੀ ਤੋਂ ਜਲਦੀ ਸਾਡਾ ਬਣਦਾ ਤਰਸ ਆਧਾਰ ਵਾਲੀ ਨੌਕਰੀ ਦਾ ਹੱਕ ਦੇਵੇਗੀ।