ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਬਲਿਕ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫੋਨ ਕੀਤੇ ਟਰੇਸ
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਬਲਿਕ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫੋਨ ਟਰੇਸ ਕਰਕੇ ਫੋਨ ਮਾਲਕਾਂ ਨੂੰ ਸੌਂਪੇ ਗਏ। ਹੁਣ ਤੱਕ ਤਕਰੀਬਨ 1560 ਦੇ ਕਰੀਬ ਮੋਬਾਇਲ ਫੋਨਾਂ ਨੂੰ ਟਰੇਸ ਕਰਕੇ ਉਹਨਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਿਆ ਹੈ ਜਿਨਾਂ ਦੀ ਕੀਮਤ ਲਗਭਗ 02 ਕਰੋੜ 63 ਲੱਖ ਰੁਪਏ ਬਣਦੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ੍ਰੀ ਅਭਿਮੰਨਿਊ ਰਾਣਾ (ਆਈ.ਪੀ.ਐੱਸ) ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਜਿਲ੍ਹੇ ਅੰਦਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਮਾੜੇ/ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ, ਨਸ਼ੇ ਦਾ ਖਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਆਮ ਪਬਲਿਕ ਨੂੰ ਆਧੁਨਿਕ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ। CEIR ਪੋਰਟਲ ਦੀ ਮੱਦਦ ਨਾਲ ਪਬਲਿਕ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫੋਨ ਟਰੇਸ ਕਰਕੇ ਜਿਲ੍ਹਾ ਪੁਲਿਸ ਮੁੱਖੀ ਦੀ ਨਿਗਰਾਨੀ ਹੇਠ ਸ਼੍ਰੀ ਮਨਮੀਤ ਸਿੰਘ ਢਿੱਲੋ ਐੱਸ.ਪੀ (ਡੀ) ਵੱਲੋਂ ਫੋਨ ਮਾਲਕਾਂ ਨੂੰ ਸੌਂਪੇ ਗਏ। ਇਸ ਮੌਕੇ ਸ਼੍ਰੀ ਰਸ਼ਪਾਲ ਸਿੰਘ ਡੀ.ਐੱਸ.ਪੀ (ਡੀ), ਐੱਸ.ਆਈ ਰਜਨੀ ਬਾਲਾ ਇੰਚਾਰਜ ਟੈਕਨੀਕਲ ਸੈੱਲ ਉਹਨਾਂ ਦੀ ਟੀਮ ਹਾਜ਼ਿਰ ਸੀ। ਇਸ ਮੌਕੇ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੋਬਾਇਲ ਗੁੰਮ ਹੋਣ ਬਾਰੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਸ਼ਿਕਾਇਤਾਂ ਮੌਸੂਲ ਹੋਈਆਂ ਸਨ। ਇਹਨਾਂ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵੱਲੋਂ ਇਨ੍ਹਾਂ ਗੁੰਮ ਹੋਏ ਮੋਬਾਇਲ ਫੋਨਾਂ ਨੂੰ CEIR ਪੋਰਟਲ ਪਰ ਟਰੇਸਿੰਗ ਤੇ ਲਗਾਇਆ ਗਿਆ ਸੀ, ਜਿਸ ਤੇ 150 ਮੋਬਾਇਲ ਫੋਨ ਚੱਲਦੇ ਪਾਏ ਗਏ। ਇਹ ਮੋਬਾਇਲ ਫੋਨ ਟੈਕਨੀਕਲ ਟੀਮ ਵੱਲੋ ਟਰੇਸ ਕਰਕੇ ਮੋਬਾਈਲ ਮਾਲਕਾਂ ਨੂੰ ਦਫ਼ਤਰ ਬੁਲਾ ਕੇ ਸੌਂਪੇ ਗਏ।
ਉਨ੍ਹਾਂ ਦੱਸਿਆ ਕਿ 01/01/2022 ਤੋਂ ਹੁਣ ਤੱਕ ਤਕਰੀਬਨ 1560 ਦੇ ਕਰੀਬ ਮੋਬਾਇਲ ਫੋਨਾਂ ਨੂੰ ਟਰੇਸ ਕਰਕੇ ਉਹਨਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਿਆ ਹੈ ਜਿਨਾਂ ਦੀ ਕੀਮਤ ਲਗਭਗ 02 ਕਰੋੜ 63 ਲੱਖ ਰੁਪਏ ਬਣਦੀ ਹੈ। ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਹ ਮੋਬਾਇਲ ਦਾ ਮਾਰਕਾ, ਆਈ.ਐਮ.ਈ.ਆਈ. ਨੰਬਰ, ਕੰਪਨੀ ਅਤੇ ਮੋਬਾਇਲ ਵਿੱਚ ਪਹਿਲਾਂ ਚੱਲਦੇ ਫੋਨ ਨੰਬਰ ਵਗੈਰਾ ਦਾ ਵੇਰਵਾ ਦਿੰਦੇ ਹੋਏ ਸ਼ਿਕਾਇਤ ਨੇੜੇ ਪੁਲਿਸ ਸਾਂਝ ਕੇਂਦਰ ਵਿੱਚ ਦਰਜ ਕਰਵਾਉਣ ਤਾਂ ਜੋ ਉਹਨਾਂ ਦਾ ਮੋਬਾਇਲ ਫੋਨ ਟਰੇਸਿੰਗ ਤੇ ਲਗਾਉਣ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਮ ਪਬਲਿਕ CEIR (central equipment identity ਰਜਿਸਟਰ) ਪੋਰਟਲ ਤੇ ਆਪਣੀ ਸ਼ਿਕਾਇਤ ਨੰਬਰ (UID No) ਅਪਡੇਟ ਕਰਕੇ ਆਪਣੇ ਗੁੰਮ ਹੋਏ ਮੋਬਾਇਲ ਫੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ, ਇਸ ਦੇ ਨਾਲ ਹੀ ਮੋਬਾਈਲ ਫੋਨ ਗੁੰਮ ਹੋਣ ਦੀ ਸ਼ਿਕਾਇਤ ਆਪਣੇ ਨੇੜੇ ਤੇ ਥਾਣੇ ਤੇ ਜਾਂ ਟੈਕਨੀਕਲ ਦਫਤਰ ਆ ਕੇ ਵੀ ਦੇ ਸਕਦੇ ਹੋ, ਜਿਲ੍ਹਾ ਪੁਲਿਸ ਮੁੱਖੀ ਵੱਲੋਂ ਆਮ ਪਬਲਿਕ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਇਲ ਡਿੱਗਾ ਹੋਇਆ ਮਿਲਦਾ ਹੈ ਤਾਂ ਉਸ ਦੀ ਵਰਤੋਂ ਕਰਨ ਦੀ ਬਜਾਏ ਉਸ ਨੂੰ ਨੇੜੇ ਦੇ ਪੁਲਿਸ ਸਟੇਸ਼ਨ ਵਿਖੇ ਜਮ੍ਹਾ ਕਰਵਾਇਆ ਜਾਵੇ। ਇਸ ਮੌਕੇ ਮੋਬਾਇਲ ਦੇ ਮਾਲਕਾ ਵੱਲੋਂ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਗਿਆ।
Author : Malout Live



