ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਰੱਖੀ ਜਾ ਰਹੀ ਹੈ ਪੂਰਨ ਚੌਕਸੀ

ਸ੍ਰੀ ਮੁਕਤਸਰ ਸਾਹਿਬ :- ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਅਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਜ਼ਿਲੇ ਦੇ ਸਾਰੇ ਸਰਕਾਰੀ ਵਿਭਾਗਾਂ  ਨੂੰ ਸਿਹਤ ਵਿਭਾਗ ਵਲੋਂ ਸਿਖਲਾਈ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ, ਇਹ ਜਾਣਕਾਰੀ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਅਤੇ ਆਹੁਦੇਦਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਸੰਦੀਪ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਐਚ.ਐਸ.ਸਰਾ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਗੋਪਾਲ ਸਿੰਘ ਐਸ.ਡੀ.ਐਮ ਮਲੋਟ, ਡਾ. ਰੰਜੂ ਸਿੰਗਲਾ ਜ਼ਿਲਾ ਸਿਹਤ ਅਫਸਰ ਵੀ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਭੈੜੇ ਕਰੋਨਾ ਵਾਇਰਸ ਤੋਂ ਬਚਾਉਣ ਲਈ ਸਾਰੇ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਸਿਹਤ ਵਿਭਾਗ ਵਲੋਂ ਟਰੇਨਿੰਗ ਦਿੱਤੀ ਜਾਵੇਗੀ। ਉਹਨਾਂ ਅੱਗੇ ਦੱਸਿਆਂ ਕਿ ਪਹਿਲੇ ਪੜਾਅ ਵਿੱਚ ਮਾਲ ਵਿਭਾਗ ਵਿੱਚ ਕੰਮ ਕਰ ਰਹੇ ਪਟਵਾਰੀ, ਪੰਚਾਇਤ ਸਕੱਤਰ, ਸਹਿਕਾਰੀ ਵਿਭਾਗ ਦੇ ਕਰਮਚਾਰੀਆਂ, ਖੇਤੀਬਾੜੀ ਦੇ ਅਮਲੇ, ਆਂਗਣਵਾੜੀ ਵਰਕਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।  ਉਹਨਾਂ ਅੱਗੇ ਦੱਸਿਆਂ ਕਿ ਹਰ ਵਿਭਾਗ ਵਿੱਚ ਕਰੋਨਾ ਵਾਇਰਸ ਦੇ ਬਚਾਅ ਲਈ ਨੋਡਲ ਅਫਸਰ ਦੀ ਵੀ ਤਾਇਨਾਤ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲੇ ਵਿੱਚ ਚੱਲ ਰਹੇ ਪ੍ਰਾਈਵੇਟ ਹਸਪਤਾਲਾਂ ਦਾ ਪੂਰਾ ਰਿਕਾਰਡ ਚੈਕ ਕਰਨ, ਉਹਨਾਂ ਦੇ ਹਸਪਤਾਲ ਵਿੱਚ ਕਿਸ ਤਰਾਂ ਦੀਆਂ ਲੋਕਾਂ ਦੀ ਸਹਾਇਤਾ ਲਈ ਸਹੂਲਤਾ ਹਨ ਅਤੇ ਉਹਨਾਂ ਹਸਪਤਾਲਾਂ ਵਿੱਚ ਕਿੰਨਾ ਅਮਲਾ ਕੰਮ ਕਰ ਰਿਹਾ ਹੈ, ਉਸ ਦੀਆਂ ਮੁਕੰਮਲ ਸੂਚੀਆਂ ਜ਼ਿਲਾ ਪ੍ਰਸ਼ਾਸਨ ਨੂੰ ਜਮਾਂ ਕਰਵਾਈਆਂ ਜਾਣ ਤਾਂ ਜੋ ਲੋੜ ਪੈਣ ਤੇ ਇਹਨਾਂ ਹਸਪਤਾਲਾਂ ਦੀ ਵੀ ਸਹਾਇਤਾ ਲਈ ਜਾ ਸਕੇ। ਉਹਨਾਂ ਖੁਰਾਕ ਅਤੇ ਸਪਲਾਈ ਵਿਭਾਗ ਅਤੇ ਡਰੱਗ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਉਹ ਮਰਚੈਟ ਯੂਨੀਅਨਾਂ ਦੇ ਆਹੁਦੇਦਾਰਾਂ ਨਾਲ ਤਾਲਮੇਲ ਕਰਨ ਦਾ ਕੋਈ ਵੀ ਮਾਸਕ, ਦਸਤਾਨੇ ਅਤੇ ਸੈਨੀਟਾਈਜਰ ਦਾ ਸਮਾਨ ਐਮ.ਆਰ.ਪੀ.ਰੇਟਾਂ ਤੋਂ ਵੱਧ ਨਾ ਵੇਚਣ । ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਮੈਡੀਕਲ ਸਟੋਰ ਵਾਲੇ ਜਾਂ ਕਰਿਆਣਾ ਦਾ ਸਮਾਨ ਵੇਚਣ ਵਾਲੇ ਮਾਸਕ ਜਾਂ ਸੈਨੀਟਾਈਜਰ ਦਾ ਸਮਾਨ ਐਮ.ਆਰ.ਪੀ. ਤੋਂ ਵੱਧ ਰੇਟਾਂ ਤੇ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ  ਜ਼ਿਲਾ ਰੈਡ ਕਰਾਸ ਸੰਸਥਾ ਅਤੇ ਸਿਹਤ ਵਿਭਾਗ ਵਲੋਂ ਦੱਸਿਆਂ ਕਿ ਲੋਕਾਂ  ਨੂੰ ਕਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਜ਼ਿਲੇ ਵਿੱਚ ਮੋਬਾਇਲ ਮੈਡੀਕਲ ਵੈਨਾ ਕੰਮ ਕਰ ਰਹੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਕਿ ਉਹ ਕਰੋਨਾ ਵਾਇਰਸ ਸਬੰਧੀ ਕੋਈ ਝੂਨੀ ਅਫਵਾਹ ਨਾ ਫੈਲਾਉਣ।   ਇਸ ਸਬੰਧੀ ਕਿਸੇ ਵੀ ਅਧਿਕਾਰਤ ਜਾਣਕਾਰੀ ਲਈ ਕੇਵਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨਾਲ ਸੰਪਰਕ  ਕਾਇਮ ਕਰਨ।