ਮਲੋਟ ਦੇ ਪਿੰਡ ਈਨਾਖੇੜਾ ਦੇ ਸਕੂਲ ਦੇ ਲੈਕਚਰਾਰ ਨੇ ਪ੍ਰਿੰਸੀਪਲ ਤੋਂ ਤੰਗ ਆ ਕੇ ਖਾਦੀਆਂ ਨਸ਼ੀਲੀਆਂ ਗੋਲੀਆਂ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਈਨਾ ਖੇੜਾ (ਮਲੋਟ) ਦੀ ਇਕ ਲੈਕਚਰਾਰ ਸੰਦੀਪ ਕੌਰ ਨੇ ਕਥਿਤ ਤੌਰ ’ਤੇ ਨਸ਼ੀਲੀਆਂ ਗੋਲ਼ੀਆਂ ਖਾ ਲਈਆਂ। ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਈਨਾ ਖੇੜਾ (ਮਲੋਟ) ਦੀ ਇਕ ਲੈਕਚਰਾਰ ਸੰਦੀਪ ਕੌਰ ਨੇ ਕਥਿਤ ਤੌਰ ’ਤੇ ਨਸ਼ੀਲੀਆਂ ਗੋਲ਼ੀਆਂ ਖਾ ਲਈਆਂ। ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਹਸਪਤਾਲ ’ਚ ਜ਼ੇਰੇ ਇਲਾਜ ਪੰਜਾਬੀ ਲੈਕਚਰਾਰ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਜਗਜੀਤ ਕੌਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ ਅਤੇ ਤਾਹਨੇ ਮੇਹਣੇ ਮਾਰ-ਮਾਰ ਕੇ ਜਲੀਲ ਕਰਦੀ ਸੀ। ਲੈਕਚਰਾਰ ਸੰਦੀਪ ਕੌਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਚਾਲ ਚੱਲਣ ’ਤੇ ਵੀ ਉਂਗਲੀਆਂ ਉਠਾਈਆਂ ਜਾਂਦੀਆਂ ਹਨ ਅਤੇ ਰਿਕਾਰਡ ਬਦਲਾਉਣ ਸੰਬੰਧੀ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਪ੍ਰਿੰਸੀਪਲ ਮੁਤਾਬਕ ਨਾ ਲਿਖਿਆ ਤਾਂ ਪ੍ਰਿੰਸੀਪਲ ਕਾਰਵਾਈ ਕਰਨਗੇ। ਸੰਦੀਪ ਕੌਰ ਨੇ ਕਿਹਾ ਕਿ ਉਹ ਬੀਤੇ ਦਿਨੀ 8 ਵਜੇ ਸਵੇਰੇ ਸਕੂਲ ਗਏ ਅਤੇ ਛੁੱਟੀ ਸਮੇਂ ਪ੍ਰਿੰਸੀਪਲ ਨੇ ਫਿਰ ਸਪਸ਼ਟੀਕਰਨ ਮੰਗਿਆ। ਉਸ ਨੇ ਪ੍ਰਿੰਸੀਪਲ ’ਤੇ ਦੋਸ਼ ਲਾਇਆ ਕਿ ਜਦ ਉਸਨੇ ਕਿਹਾ ਕਿ ਉਹ ਪ੍ਰਿੰਸੀਪਲ ਤੋਂ ਬਹੁਤ ਤੰਗ ਹੈ ਤਾਂ ਪ੍ਰਿੰਸੀਪਲ ਨੇ ਉਸ ਨੂੰ ਪੰਜ ਗੋਲੀਆਂ ਦੇ ਦਿੱਤੀਆਂ ਅਤੇ ਖਾਣ ਲਈ ਕਹਿ ਦਿੱਤਾ।
ਲੈਕਚਰਾਰ ਸੰਦੀਪ ਕੌਰ ਦੇ ਮਾਤਾ ਮਨਦੀਪ ਕੌਰ ਅਤੇ ਪਤੀ ਸ਼ਵਿੰਦਰ ਸਿੰਘ ਨੇ ਵੀ ਕਿਹਾ ਕਿ ਸੰਦੀਪ ਕੌਰ ਉਨ੍ਹਾਂ ਨੂੰ ਘਰ ਜਾ ਕੇ ਪ੍ਰਿੰਸੀਪਲ ਵੱਲੋਂ ਪਰੇਸ਼ਾਨ ਕੀਤੇ ਜਾਣ ਬਾਰੇ ਦੱਸਦੇ ਰਹਿੰਦੇ ਹਨ। ਬੀਤੇ ਕੱਲ ਜਦੋਂ ਲੈਕਚਰਾਰ ਸਦੀਪ ਕੌਰ ਦਾ ਪਤੀ ਪ੍ਰਿੰਸੀਪਲ ਨੂੰ ਮਿਲਣ ਲਈ ਗਿਆ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਸਮੇਂ ਆ ਕੇ ਦਫਤਰ ਵਿੱਚ ਬਹਿ ਕੇ ਗੱਲ ਕਰੋ ਇਸ ਤਰਾਂ ਬਾਹਰ ਗੱਲ ਕਰਨਾ ਠੀਕ ਨਹੀਂ। ਓਧਰ ਇਸ ਸਬੰਧੀ ਸਕੂਲ ਪ੍ਰਿੰਸੀਪਲ ਜਗਜੀਤ ਕੌਰ ਨੇ ਕਿਹਾ ਕਿ ਲੈਕਚਰਾਰ ਸੰਦੀਪ ਕੌਰ ਕੱਲ੍ਹ 9 ਵਜੇ ਸਕੂਲ ਆਏ ਅਤੇ ਤਿੰਨ ਵਜੇ ਸਕੂਲੋਂ ਗਏ ਇਸ ਦਰਮਿਆਨ ਕੋਈ ਅਜਿਹੀ ਕਾਰਵਾਈ ਵੇਖਣ ਨੂੰ ਨਹੀਂ ਆਈ। ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਸਮੇਂ ਤੋਂ ਬਾਅਦ ਉਸਨੇ ਕੁਝ ਕੀਤਾ ਹੋਵੇ ਤਾਂ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਪ੍ਰਿੰਸੀਪਲ ਜਗਜੀਤ ਕੌਰ ਨੇ ਇਹ ਵੀ ਕਿਹਾ ਕਿ ਛੁੱਟੀ ਤੋਂ ਬਾਅਦ ਸੰਦੀਪ ਕੌਰ ਦਾ ਪਤੀ ਸਵਿੰਦਰ ਸਿੰਘ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦਾ ਸੀ ਤਾਂ ਉਹ ਕਾਰ ਵਿੱਚੋਂ ਉਤਰ ਕੇ ਗੱਲ ਸੁਣਨ ਲਈ ਗਏ ਤਾਂ ਉਨ੍ਹਾਂ ਠੀਕ ਢੰਗ ਨਾਲ ਗੱਲ ਨਹੀਂ ਕੀਤੀ ਸਗੋਂ ਗਲਤ ਸ਼ਬਦਾਵਲੀ ਵਰਤਣ ਲੱਗੇ ਤਾਂ ਉਨ੍ਹਾਂ ਉਸਨੂੰ ਕਿਹਾ ਕਿ ਸਕੂਲ ਸਮੇਂ ਦਫਤਰ ’ਚ ਆ ਕੇ ਕੱਲ੍ਹ ਨੂੰ ਜੋ ਗੱਲ ਕਰਨਾ ਚਾਹੋ ਕਰ ਸਕਦੇ ਹੋ। ਪ੍ਰਿੰਸੀਪਲ ਜਗਜੀਤ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਕੂਲ ਦਾ ਮਾਹੌਲ ਬਹੁਤ ਹੀ ਵਧੀਆ ਹੈ ਅਤੇ ਇਸ ਘਟਨਾ ਬਾਰੇ ਤੁਸੀਂ ਸਟਾਫ ਜਾਂ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ ਅਜਿਹੀ ਘਟਨਾ ਸਕੂਲ ਸਮੇਂ ਨਹੀਂ ਵਾਪਰੀ। ਓਧਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Author : Malout Live



