ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਕਮੇਟੀ ਦੀ ਕੀਤੀ ਮੀਟਿੰਗ

ਸ਼੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਇਸੇ ਮੌਕੇ ਉਨ੍ਹਾਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਵਾਜਾਈ ਨਿਯਮਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਲਈ ਸੈਮੀਨਾਰ ਲਗਾਏ ਜਾਣ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ  ਹੋਈ। ਇਸ ਮੌਕੇ ਸ਼੍ਰੀ ਦੇਸਰਾਜ ਜੁਆਇੰਟ ਡਾਇਰੈਕਟਰ ਸਟੇਟ ਰੋਡ ਸੈਫਟੀ ਕੌਂਸਲ (ਲੀਗਲ ਏਜੰਸੀ), ਡਾ. ਸੰਜੀਵ ਕੁਮਾਰ ਆਰ.ਟੀ.ਓ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਬਲਜੀਤ ਕੌਰ ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ, ਡੀ.ਐੱਸ.ਪੀ ਅਮਨਦੀਪ ਸਿੰਘ, ਡਾ. ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜਸੇਵੀ ਸੰਸਥਾਵਾਂ, ਸ਼੍ਰੀ ਜਸਪ੍ਰੀਤ ਸਿੰਘ ਛਾਬੜਾ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਿਰ ਸਨ। ਇਸੇ ਮੌਕੇ ਉਨ੍ਹਾਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਵਾਜਾਈ ਨਿਯਮਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਲਈ ਸੈਮੀਨਾਰ ਲਗਾਏ ਜਾਣ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਹਨਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹੜੇ ਸਕੂਲ ਮੁੱਖ ਸੜਕਾਂ ਦੇ ਨਜ਼ਦੀਕ ਹਨ, ਉੱਥੇ ਸਾਈਨ ਬੋਰਡ ਅਤੇ ਸਪੀਡ ਬਰੈਕਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਕੂਲੀ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਗਰ ਕੌਸਲਾਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਵਿੱਚ ਅਵਾਰਾਂ ਪਸ਼ੂਆਂ ਦੀ ਰੋਕਥਾਮ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਇਸ ਮੌਕੇ ਜੁਆਇੰਟ ਡਾਇਰੈਕਟਰ ਸ਼੍ਰੀ ਦੇਸਰਾਜ ਨੇ ਦੱਸਿਆ ਕਿ ਅਣਪਛਾਤੇ ਵਾਹਨ ਵੱਲੋਂ ਹਾਦਸੇ ਦਾ ਸ਼ਿਕਾਰ ਲੋਕਾਂ ਨੂੰ ਸਰਕਾਰ ਵੱਲੋਂ ਆਰਥਿਕ ਮੱਦਦ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਜਖਮੀ ਨੂੰ 50 ਹਜ਼ਾਰ ਅਤੇ ਮ੍ਰਿਤਕ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਪੀੜ੍ਹਿਤ ਆਪਣੀਆਂ ਅਰਜ਼ੀਆਂ ਆਪਣੇ ਇਲਾਕੇ ਦੇ ਐੱਸ.ਐਚ ਓ ਜਾਂ ਐੱਸ.ਡੀ.ਐਮ ਦਫ਼ਤਰ ਨੂੰ ਦੇ ਸਕਦੇ ਹਨ। ਉਹਨਾਂ ਕਿਹਾ ਕਿ ਦੁਰਘਟਨਾਂ ਦੇ ਸਮੇਂ ਨੁਕਸਾਨੇ ਵਹੀਕਲਾਂ ਨੂੰ ਮੌਕੇ ਤੇ ਹਟਾਉਣ ਲਈ ਪੰਜਾਬ ਸਰਕਾਰ ਵੱਲੋਂ ਜਲਦੀ 23 ਰਿਕਵਰੀ ਵੈਨਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਸੜਕ ਹਾਦਸੇ ਵਿੱਚ ਕੋਈ ਜਖਮੀ ਹੋਵੇ ਤਾਂ ਉਸ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਉਣ ਵਿੱਚ ਮੱਦਦ ਕੀਤੀ ਜਾਵੇ ਅਤੇ ਅਜਿਹਾ ਨੇਕ ਕਾਰਜ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਤਹਿਤ ਸਨਮਾਨਿਤ ਵੀ ਕੀਤਾ ਜਾਂਦਾ ਹੈ। ਸੜਕ ਦੁਰਘਟਨਾਂਵਾਂ ਨੂੰ ਘੱਟ ਕਰਨ ਅਤੇ ਪੀੜ੍ਹਿਤਾਂ ਦੀ ਜਲਦ ਮੱਦਦ ਲਈ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਵੀ ਗਠਨ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵਾਹਨ ਚਲਾਉਂਦੇ ਸਮੇਂ ਸੜਕ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਪੂਰੀ ਸਾਵਧਾਨੀ ਵਰਤੀ ਜਾਵੇ।

Author : Malout Live