ਕੋਵਿਡ ਟੈਸਟ ਲਈ ਹੁਣ ਮਲੋਟ ਸ਼ਹਿਰ ਦੇ ਹਰ ਵਾਰਡ ਵਿਚ ਲੱਗਣਗੇ ਕੈਂਪ

ਮਲੋਟ (ਆਰਤੀ ਕਮਲ):- ਲੋਕਾਂ ਦੇ ਮਨਾਂ ਵਿਚ ਕੋਵਿਡ ਟੈਸਟ ਕਰਵਾਉਣ ਲਈ ਕੀਤੇ ਭਰਮ ਭੁਲੇਖੇ ਕੱਢਣ ਲਈ ਅਤੇ ਲੋਕਾਂ ਦੀ ਸਹੂਲੀਅਤ ਲਈ ਹੁਣ ਸਿਵਲ ਹਸਪਤਾਲ ਮਲੋਟ ਵੱਲੋਂ ਸ਼ਹਿਰ ਦੇ ਹਰ ਵਾਰਡ ਵਿਚ ਕੈਂਪ ਲਾਏ ਜਾਣਗੇ । ਇਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਮਾਣਯੋਗ ਐਸ.ਡੀ.ਐਮ ਮਲੋਟ ਸ. ਗੋਪਾਲ ਸਿੰਘ ਦੀ ਅਗਵਾਈ ਵਿਚ ਮਲੋਟ ਵਿਖੇ ਹੋਈ ਜਿਸ ਵਿਚ ਸਿਵਲ ਹਸਪਤਾਲ ਦੇ ਐਸ.ਐਮ.ਓ ਗੁਰਚਰਨ ਸਿੰਘ, ਡ੍ਰਾ. ਕੁਸ਼ਲਦੀਪ ਸਿੰਘ, ਤਹਿਸੀਲਦਾਰ ਮੈਡਮ ਸੁਖਬੀਰ ਕੌਰ, ਈਓ ਜੇਐਸ ਧਾਲੀਵਾਲ, ਨਾਇਬ ਤਹਿਸੀਲਦਾਰ ਜੇਪੀ ਸਿੰਘ, ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਅਤੇ ਸ਼ਹਿਰ ਦੇ ਪਤਵੰਤੇ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਪ੍ਰਧਾਨ ਸਤਿਗੁਰ ਦੇਵ ਪੱਪੀ ਸਮੇਤ ਐਨ.ਜੀ.ਓ ਤੋਂ ਰਜਿੰਦਰ ਪਪਨੇਜਾ, ਜੋਨੀ ਜੁਨੇਜਾ, ਜੋਨੀ ਸੋਨੀ, ਚਰਨਜੀਤ ਖੁਰਾਣਾ, ਹਰਚਰਨ ਸਿੰਘ ਸ਼ੇਰੀ, ਰਜਿੰਦਰ ਪੁਰੀ ਆਦਿ ਨੇ ਸ਼ਿਰਕਤ ਕੀਤੀ।
ਇਸ ਮੌਕੇ ਵੱਖ ਵੱਖ ਪਤਵੰਤਿਆਂ ਤੋਂ ਲਏ ਸੁਝਾਅ ਉਪਰੰਤ ਮਾਣਯੋਗ ਐਸ.ਡੀ.ਐਮ ਸਾਹਿਬ ਨੇ ਕਿਹਾ ਕਿ ਕੋਵਿਡ19 ਮਹਾਂਮਾਰੀ ਦੇ ਸਮਾਜਿਕ ਪਸਾਰ ਨੂੰ ਰੋਕਣ ਲਈ ਹੁਣ ਪ੍ਰਸ਼ਾਸਨ ਤੇ ਐਨਜੀਓ ਵੱਲੋਂ ਇਕ ਸਾਂਝਾ ਉਦਮ ਕੀਤਾ ਜਾਵੇਗਾ ਜਿਸ ਵਿਚ ਸਿਵਲ ਹਸਪਤਾਲ ਦੀ ਟੀਮ ਹਰ ਰੋਜ ਇਕ ਵਾਰਡ ਵਿਚ ਸੈਂਪਲਿੰਗ ਕਰੇਗੀ । ਉਹਨਾਂ ਦੱਸਿਆ ਕਿ ਲੋਕਾਂ ਦੇ ਮਨਾਂ ਵਿਚ ਡਰ ਅਤੇ ਭਰਮ ਭੁਲੇਖੇ ਦੂਰ ਕਰਨੇ ਜਰੂਰੀ ਹਨ । ਇਹ ਟੈਸਟ ਬਿੱਲਕੁਲ ਮੁਫਤ ਕੀਤੇ ਜਾਂਦੇ ਹਨ ਅਤੇ ਟੈਸਟ ਉਪਰੰਤ ਕਿਸੇ ਨੂੰ ਵੀ ਹਸਪਤਾਲ ਵਗੈਰਾ ਨਹੀ ਰੱਖਿਆ ਜਾਂਦਾ । ਆਪਣਾ ਸੈਂਪਲ ਦੇ ਕੇ ਵਿਅਕਤੀ ਤੁਰੰਤ ਘਰ ਵਾਪਸ ਪਰਤ ਜਾਂਦਾ ਹੈ । ਐਸ.ਡੀ.ਐਮ ਨੇ ਕਿਹਾ ਕਿ ਇਸਦਾ ਮਕਸਦ ਹੈ ਕਿ ਅਗਰ ਕਿਸੇ ਨੂੰ ਕਰੋਨਾ ਹੋ ਗਿਆ ਹੈ ਅਤੇ ਹਾਲੇ ਲੱਛਣ ਨਹੀ ਹਨ ਤਾਂ ਉਸਦਾ ਇਲਾਜ ਹੋ ਸਕੇ ਅਤੇ ਉਸਦੇ ਸਮਾਜ ਵਿਚ ਘੁਮਣ ਨਾਲ ਹੋਰਾਂ ਨੂੰ ਵੀ ਕਰੋਨਾ ਦਾ ਜੋ ਖਤਰਾ ਹੈ ਉਸਤੋਂ ਬਚਾਉ ਕੀਤਾ ਜਾ ਸਕੇ । ਇਸ ਮੌਕੇ ਸਮੂਹ ਐਨ.ਜੀ.ਓ. ਅਤੇ ਪਤਵੰਤਿਆਂ ਨੇ ਇਹਨਾਂ ਕੈਂਪ ਵਿਚ ਮੈਡੀਕਲ ਟੀਮ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ।