ਮਿਸ਼ਨ ਫਤਿਹ ਤਹਿਤ ਸਿਵਿਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਨਾਲ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ:- ਮਿਸ਼ਨ ਫਤਿਹ ਤਹਿਤ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ਲਈ ਜਿਲ੍ਹਾ ਸਿਹਤ ਵਿਭਾਗ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਤਾਰ ਢੁਕਵੀਆਂ ਗਤੀਵਿਧੀਆਂ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤੀਆਂ ਗਈਆਂ ਹਨ, ਜਿਸ ਵਿੱਚ ਲੋਕਾਂ ਨੂੰ ਕੋਵਿਡ-19 ਦੀ ਜਾਣਕਾਰੀ ਕੋਵਾ ਐਪ ਇਨਸਟਾਲ ਕਰਨ, ਸਿਹਤ ਸਟਾਫ਼ ਨੂੰ ਦੀਕਸ਼ਾ ਐਪ ਇਨਸਟਾਲ ਕਰਨ, ਸ਼ੱਕੀ ਕੇਸਾਂ ਦੇ ਸੈਂਪਲਿੰਗ ਕਰਨ ਸਬੰਧੀ, ਇਕਾਂਤਵਾਸ ਕਰਨ, ਅਤੇ ਫਾਲੋ ਅੱਪ ਅਤੇ ਸਕਰੀਨਿੰਗ ਕਰਨ ਸਬੰਧੀ ਲਗਾਤਾਰ ਸਿਹਤ ਸਟਾਫ਼ ਵੱਲੋਂ ਸਮੇਂ ਸਿਰ ਪੈਰਵੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਸਿਵਲ ਸਰਜਨ ਦੀ ਪਧਾਨਗੀ ਵਿੱਚ ਸਮੂਹ ਪ੍ਰੋਗ੍ਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਵਿਸ਼ੇਸ ਮੀਟਿੰਗ ਆਯੋਜਿਤ ਹੋਈ। ਇਸ ਮੌਕੇ ਡਾ ਕੰਵਰਜੀਤ ਸਿੰਘ, ਡਾ ਰੰਜੂ ਸਿੰਗਲਾ, ਡਾ ਜਾਗ੍ਰਿਤੀ ਚੰਦਰ, ਡਾ ਪ੍ਰਦੀਪ ਸਚਦੇਵਾ, ਡਾ ਰਮੇਸ਼ ਕੁਮਾਰੀ, ਡਾ ਮੰਜੂ, ਡਾ ਪਰਮਦੀਪ ਸੰਧੂ, ਡਾ ਵਿਕਰਮ, ਸ੍ਰੀ ਦੀਪਕ ਕੁਮਾਰ, ਗੁਰਤੇਜ਼ ਸਿੰਘ, ਸ਼ਿਵਪਾਲ ਸਿੰਘ, ਵਿਨੋਦ ਖੁਰਾਣਾ ਆਦਿ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਲੋਕਾਂ ਵਿੱਚ ਸਹੀ ਜਾਣਕਾਰੀ ਅਤੇ ਇਸ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜਰੂਰੀ ਹੈ। ਇਸ ਲਈ ਸਾਰੇ ਸਿਹਤ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਕੋਵਾ ਐਪ ਇੰਸਟਾਲ ਕਰਵਾਉਣਾ ਯਕੀਨੀ ਬਨਾਉਣ ਅਤੇ ਸਬੰਧਿਤ ਐਸ.ਐਮ.ਓ. ਨੂੰ ਰਿਪੋਰਟ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਹਰ ਤਰ੍ਹਾਂ ਦੀ ਅਪਡੇਟ ਜਾਣਕਾਰੀ ਲੋਕਾਂ ਨੂੰ ਪਹੁੰਚਾਉਣ ਲਈ ਕੋਵਾ ਐਪ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਐਪ ਨੂੰ ਆਪਣੇ ਮੋਬਾਇਲ ਫੋਨਾਂ ਵਿੱਚ ਡਾਊਨਲੋਡ ਕਰਨਾ ਚਾਹੀਦਾ ਹੈ ਤਾਂ ਜ਼ੋ ਉਹ ਸਮੇਂ ਸਮੇਂ ਤੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਜਾਰੀ ਐਡਵਾਇਜ਼ਰੀ ਅਤੇ ਦੇਸ਼ ਅਤੇ ਰਾਜਾਂ ਵਿੱਚ ਕੋਵਿਡ-19 ਦੀ ਸਥਿਤੀ ਦੀ ਸਹੀ ਜਾਣਕਾਰੀ ਮਿਲ ਸਕੇ, ਤਾਂ ਜ਼ੋ ਸਮਾਜ ਵਿੱਚ ਕੋਵਿਡ ਨੂੰ ਲੈ ਕੈ ਕਿਸੇ ਤਰ੍ਹਾਂ ਦੀ ਦਹਿਸ਼ਤ ਪੈਦਾ ਨਾ ਹੋਵੇ। ਅਨਰਾਇਡ ਫੋਨ ਦੇ ਪਲੇਅ ਸਟੋਰ ਤੇ ਜਾ ਕੇ ਕੋਵਾ ਪੰਜਾਬ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਐਪ ਤੇ ਜਿਥੇ ਇੱਕ ਪਾਸੇ ਪੰਜਾਬ ਵਿੱਚ ਕੋਵਿਡ ਦੀ ਸਥਿਤੀ ਤੋਂ ਜਾਣੂ ਹੋਇਆ ਜਾ ਸਕਦਾ ਹੈ, ਉਥੇ ਦੂਜ਼ੇ ਪਾਸੇ ਇਹ ਐਪ ਤੁਹਾਡੇ ਆਸ ਪਾਸ ਦੇ ਕੋਵਿਡ ਮਰੀਜ਼ਾਂ ਦੀ ਗਿਣਤੀ ਅਤੇ ਹਾਟ ਸਪਾਟ ਖੇਤਰਾਂ ਤੋਂ ਵੀ ਸੁਚੇਤ ਕਰਵਾਉਂਦੀ ਹੈ। ਇਸ ਐਪ ਦੇ ਚੱੈਕ ਯੂਜ਼ਰ ਹੈਲਥ ਸਟੇਟਸ ਤੇ ਕਲਿੱਕ ਕਰਕੇ ਮੰਗੇ ਸਵਾਲਾਂ ਦੇ ਜਵਾਬ ਦੇ ਆਧਾਰ ਤੇ ਤੁਹਾਨੂੰ ਖੁਦ ਨੂੰ ਕੋਵਿਡ ਦੇ ਖਤਰੇ ਤੋਂ ਸੁਰੱਖਿਅਤ ਅਤੇ ਅਣ-ਸੁਰੱਖਿਅਤ ਹੋਣ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ, ਸ਼ੱਕ ਦੂਰ ਕਰਨ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਇਹ ਐਪ ਬੇਹੱਦ ਲਾਹੇਵੰਦ ਹੈ। ਉਹਨਾਂ ਕਿਹਾ ਕਿ ਕੋਵਾ ਐਪ ਦੀ ਸਹਾਇਤਾ ਨਾਲ ਈ-ਸੰਜੀਵਨੀ ਰਾਹੀਂ ਘਰ ਬੈਠੇ ਹੀ ਮਾਹਿਰ ਡਾਕਟਰਾਂ ਨਾਲ ਕਿਸੇ ਵੀ ਬਿਮਾਰੀ ਪ੍ਰਤੀ ਸੁਲਾਹ ਮਸ਼ਵਰਾ ਕੀਤਾ ਜਾ ਸਕਦਾ ਹੈ ਅਤੇ ਈ-ਪਾਸ ਵੀ ਬਨਵਾਇਆ ਜਾ ਸਕਦਾ ਹੈ। ਡਾ. ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਿਹਤ ਸਟਾਫ਼ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ-19 ਦੀ ਟ੍ਰੇਨਿੰਗ ਦੇਣ ਲਈ ਦੀਕਸ਼ਾ ਐਪ ਜਾਰੀ ਕੀਤੀ ਹੈ ਜਿਸ ਰਾਹੀਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਆਪਣੇ ਵੱਲੋਂ ਕੀਤੇ ਜਾ ਰਹੇ ਕੰਮ ਦੀ ਕੁਸ਼ਲਤਾ ਨੂੰ ਵਧਾ ਸਕਦਾ ਹੈ। ਉਹਨਾ ਕਿਹਾ ਕਿ  ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ  ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸਿਹਤ ਸਟਾਫ਼ ਨੂੰ ਟ੍ਰੇਨਿੰਗ ਕਰਵਾਈ ਜਾ ਚੁੱਕੀ ਹੈ ਪ੍ਰੰਤੂ ਸਾਰੇ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਆਪਣੇ ਸਮਾਰਟ ਫੋਨ ਵਿੱਚ ਦੀਕਸ਼ਾ ਐਪ ਡਾਊਨਲੋਡ ਕਰਕੇ ਟ੍ਰੇਨਿੰਗ ਮੁਕੰਮਲ ਕਰ ਲੈਣੀ ਚਾਹੀਦੀ ਹੈ।