ਪਰਾਲੀ ਪ੍ਰਬੰਧਨ ਲਈ ਸਰਕਾਰ ਨੇ ਉਲੀਕੀ ਯੋਜਨਾ, ਕਿਸਾਨਾਂ ਨੂੰ ਸਬਸਿਡੀ ਤੇ ਮਿਲਣਗੀਆਂ ਮਸ਼ੀਨਾਂ

ਸ੍ਰੀ ਮੁਕਤਸਰ ਸਾਹਿਬ: ਆਉਣ ਵਾਲੇ ਦਿਨਾਂ ਵਿਚ ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਨੇ ਕਮਰ ਕਸ ਲਈ ਹੈ। ਸੂਬੇ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਮੌਜੂਦਾ ਵਿੱਤੀ ਸਾਲ ਵਿੱਚ ਪਹਿਲੇ ਪੜਾਅ ਅਧੀਨ ਕਿਸਾਨਾਂ ਨੂੰ ਨਵੀਂਆਂ ਮਸ਼ੀਨਾਂ ਸਬਸਿਡੀ ਤੇ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਸੂਬੇ ਭਰ ਵਿਚ 28000 ਤੋਂ ਵੱਧ ਖੇਤੀ ਮਸ਼ੀਨਾਂ/ਸੰਦ ਮੁਹੱਈਆ ਕਰਵਾਉਣ ਲਈ ਵਿਆਪਕ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 278 ਕਰੋੜ ਰੁਪਏ ਦੀ ਸਬਸਿਡੀ ਨਾਲ ਮੁਹੱਈਆ ਕਰਵਾਏ ਜਾ ਰਹੇ ਇਹ ਖੇਤੀ ਸੰਦ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਖਪਾਉਣ ਲਈ ਸਹਾਈ ਹੋਣਗੇ। ਉਨਾਂ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਸਾਲ ਪਰਾਲੀ ਪ੍ਰਬੰਧਨ ਲਈ ਲੋੜੀਂਦੀਆਂ ਮਸ਼ੀਨਾਂ ਖਰੀਦਣ ਲਈ ਸਬਸਿਡੀ ਲੈਣ ਲਈ 856 ਕਿਸਾਨਾਂ ਦੀਆਂ ਅਰਜੀਆਂ ਵਿਭਾਗ ਨੇ ਪ੍ਰਵਾਨ ਕਰ ਲਈਆਂ ਹਨ ਜਦ ਕਿ 883 ਹੋਰ ਮਸ਼ੀਨਾਂ ਸਬੰਧੀ ਕਿਸਾਨ ਸਮੂਹਾਂ ਦੀਆਂ ਅਰਜੀਆਂ ਨੂੰ ਪਾਸ ਕਰਨ ਦੀ ਪ੍ਰਕ੍ਰਿਆ ਕਾਰਵਾਈ ਅਧੀਨ ਹੈ। 
ਜ਼ਿਲਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਸੰਦਾਂ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਤਹਿਤ ਸਹਿਕਾਰੀ ਸਭਾਵਾਂ ਤੇ ਕਿਸਾਨ ਗਰੁੱਪਾਂ ਨੂੰ ਵਧੇਰੇ ਸਬਸਿਡੀ ਜਦਕਿ ਕਿਸਾਨਾਂ ਨੂੰ ਵਿਅਕਤੀਗਤ ਰੂਪ ਵਿੱਚ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਆਲਾ ਦਰਜੇ ਦੀ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਹਾਈਡਰੌਲਿਕ ਰਿਵਰਸੀਬਲ ਮੋਲਡ ਬੋਰਡ ਪਲੌਅ ਅਤੇ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ਸ਼ਾਮਲ ਹਨ।
ਜ਼ਿਲਾ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਬਸਿਡੀ 'ਤੇ ਮਸ਼ੀਨਰੀ ਲੈਣ ਲਈ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਤੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਪਾਸੋਂ ਹੁਣ ਤੱਕ ਜ਼ਿਲੇ ਵਿਚ ਲਗਪਗ 2700 ਅਰਜ਼ੀਆਂ ਹਾਸਲ ਹੋਈਆਂ ਹਨ। ਉਨਾਂ ਅੱਗੇ ਦੱਸਿਆ ਕਿ ਪਹਿਲੇ ਪੜਾਅ ਅਧੀਨ ਵਿਅਕਤੀਗਤ ਤੌਰ 'ਤੇ ਅਰਜ਼ੀਆਂ ਦੇਣ ਵਾਲੇ ਕਿਸਾਨਾਂ ਨੂੰ ਸਬਸਿਡੀ 'ਤੇ 856 ਮਸ਼ੀਨਾਂ ਦਿੱਤੀਆਂ ਜਾ ਰਹੀਆਂ ਜਦਕਿ ਕਿਸਾਨਾਂ ਗਰੁੱਪਾਂ/ਸਹਿਕਾਰੀ ਸਭਾਵਾਂ ਨੂੰ ਫਾਰਮ ਮਸ਼ੀਨਰੀ ਬੈਂਕ ਬਣਾ ਕੇ ਕਸਟਮ ਹਾਇੰਰਿੰਗ ਸੈਂਟਰ ਵਜੋਂ ਵਰਤਣ ਲਈ ਸਬਸਿਡੀ 'ਤੇ 883 ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਬਿਨਾਂ ਸਮੈਮ ਸਕੀਮ ਅਧੀਨ ਵੀ ਇਸ ਸਾਲ ਜ਼ਿਲੇ ਵਿਚ 1005 ਕਿਸਾਨਾਂ ਦੀਆਂ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਖਰੀਦਣ ਲਈ ਸਬਸਿਡੀ ਲੈਣ ਲਈ ਅਰਜੀਆਂ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ 15 ਸਤੰਬਰ, 2019 ਤੋਂ ਪਹਿਲਾਂ ਕਿਸਾਨਾਂ ਤੱਕ ਮਸ਼ੀਨਰੀ ਪਹੁੰਚਾਉਣ ਦਾ ਟੀਚਾ ਹਾਸਲ ਕਰਨ ਲਈ ਪੂਰੀ ਤਰਾਂ ਤਿਆਰ ਹੈ। 
ਵਿਭਾਗ ਦੇ ਤਕਨੀਕੀ ਮਾਹਿਰ ਸਤਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਣ ਦੇ ਮਾੜੇ ਪ੍ਰਭਾਵ ਬਾਰੇ ਜਾਣੂੰ ਕਰਨ ਲਈ ਸੂਚਨਾ, ਸਿੱਖਿਆ ਤੇ ਸੰਚਾਰ ਬਾਰੇ ਗਤੀਵਿਧੀਆਂ ਵੀ ਆਰੰਭੀਆਂ ਹੋਈਆਂ ਹਨ। ਇਸ ਜਾਗਰੂਕਾ ਮੁਹਿੰਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਖਪਾਉਣ ਲਈ ਸੰਦਾਂ ਦੀ ਪ੍ਰਦਰਸ਼ਨੀ ਕਰਨਾ ਹੈ।
ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀ ਜਾ ਰਹੀ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਪਰਾਲੀ ਸਾੜਣ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ ਜਿਸ ਨਾਲ ਲੋਕਾਂ ਨੂੰ ਸਿਹਤਮੰਦੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੂਬੇ ਦੇ ਵਾਤਾਵਰਣ ਨੂੰ ਵੀ ਬਚਾਇਆ ਜਾ ਸਕੇ।
ਬਾਕਸ ਲਈ ਪ੍ਰਸਤਾਵਿਤ
ਸਾਲ 2018 19 ਦੌਰਾਨ ਵੀ ਦਿੱਤੀਆਂ ਸਨ ਮਸ਼ੀਨਾ
ਮੁੱਖ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2018-19 ਦੌਰਾਨ ਵੀ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਸਬਸਿਡੀ 'ਤੇ ਜ਼ਿਲੇ ਵਿਚ 971 ਖੇਤੀ ਮਸ਼ੀਨਾਂ ਦਿੱਤੀਆਂ ਸਨ ਜਿਨਾਂ ਵਿੱਚ ਕਿਸਾਨਾਂ ਨੂੰ ਵਿਅਕਤੀਗਤ ਰੂਪ ਵਿੱਚ 50 ਫੀਸਦੀ ਸਬਸਿਡੀ 'ਤੇ 429 ਮਸ਼ੀਨਾਂ ਜਦਕਿ ਸਹਿਕਾਰੀ ਸਭਾਵਾਂ ਅਤੇ ਕਿਸਾਨ ਗਰੁੱਪਾਂ ਨੂੰ 80 ਫੀਸਦੀ ਸਬਸਿਡੀ 'ਤੇ 542 ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਸਨ। ਉਨਾਂ ਦੱਸਿਆ ਕਿ ਇੰਨਾਂ ਦੋਨਾਂ ਮੱਦਾਂ ਅਧੀਨ ਪਿੱਛਲੇ ਸਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕ੍ਰਮਵਾਰ 2.91 ਕਰੋੜ ਰੁਪਏ ਅਤੇ 5.19 ਕਰੋੜ ਰੁਪਏ ਸਬਸਿਡੀ ਵਜੋਂ ਦਿੱਤੇ ਗਏ ਸਨ। ਉਨਾਂ ਨੇ ਦੱਸਿਆ ਕਿ ਇਸ ਵਾਰ ਵੀ ਇਸ ਸਕੀਮ ਵਿਚ ਕਿਸਾਨਾਂ ਨੂੰ ਬਹੁਤ ਰੁਚੀ ਵਿਖਾਈ ਹੈ ਅਤੇ ਜ਼ਿਨਾਂ ਕਿਸਾਨਾਂ ਦੀਆਂ ਅਰਜੀਆਂ ਪ੍ਰਵਾਨ ਹੋਈਆਂ ਹਨ ਉਹ ਜਦ ਮਸ਼ੀਨ ਖਰੀਦ ਕੇ ਬਿੱਲ ਜਮਾਂ ਕਰਵਾਉਣਗੇ ਤਾਂ ਵਿਭਾਗ ਸਬਸਿਡੀ ਦੀ ਬਣਦੀ ਰਕਮ ਸਿੱਧੇ ਕਿਸਾਨ ਦੇ ਬੈਂਕ ਖਾਤੇ ਵਿਚ ਜਮਾਂ ਕਰਵਾ ਦੇਵੇਗਾ।