ਅਧਿਆਪਕਾਂ ਦੀਆਂ ਬਦਲੀਆਂ ਦੇ ਡਿਜ਼ੀਟਲ ਪ੍ਰਬੰਧ ਹੋਏ ਬੁਰੀ ਤਰ੍ਹਾਂ ਫੇਲ੍ਹ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਆਪਣੇ ਘਰਾਂ ਦੇ ਨਜ਼ਦੀਕ ਬਦਲੀਆਂ ਕਰਾਉਣ ਲਈ ਉਡੀਕ ਕਰ ਰਹੇ ਸਨ। ਦੂਸਰੇ ਪਾਸੇ ਵਿੱਦਿਅਕ ਸੈਸ਼ਨ ਦਾ ਬਿਲਕੁੱਲ ਵਿਚਕਾਰਲਾ ਸਮਾਂ ਹੋ ਚੁੱਕਾ ਹੈ। ਸਮੂਹ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਜਿਹੇ ਨਾਕਸ ਪ੍ਰਬੰਧਾਂ ਵਿੱਚ ਤੁਰੰਤ ਸੁਧਾਰ ਕਰਕੇ ਦੂਸਰਾ ਆਨਲਾਈਨ ਪੋਰਟਲ ਵਿੱਚ ਸੁਧਾਰ ਕਰਕੇ ਅਧਿਆਪਕਾਂ ਨੂੰ ਬਦਲੀਆਂ ਲਈ ਨਵੇਂ ਸਿਰੇ ਤੋਂ ਸਟੇਸ਼ਨ ਚੋਣ ਕਰਨ ਲਈ ਹੋਰ ਵੱਧ ਦਿਨਾਂ ਦਾ ਮੌਕਾ ਦੇਵੇ।

ਮਲੋਟ (ਪੰਜਾਬ) : ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਮਨੋਹਰ ਲਾਲ ਸ਼ਰਮਾ, ਬਲਦੇਵ ਸਿੰਘ ਸਾਹੀਵਾਲ, ਵਿਕਰਮਜੀਤ ਸਿੰਘ ਸੰਧੂ, ਅਮਨਦੀਪ ਸਿੰਘ ਗਿੱਲ, ਮਨਜੀਤ ਸਿੰਘ ਥਾਂਦੇਵਾਲਾ, ਪਰਮਜੀਤ ਸਿੰਘ ਮੁਕਤਸਰ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਦਾ ਵਿਸ਼ੇਸ਼ ਕਰਕੇ ਅਧਿਆਪਕਾਂ ਦੀਆਂ ਮੰਗਾਂ ਵੱਲ ਬਿਲਕੁੱਲ ਧਿਆਨ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਸਰ ਸਟੇਜਾਂ ਤੇ ਡੀਗਾਂ ਮਾਰੀਆਂ ਜਾਂਦੀਆਂ ਹਨ ਕਿ ਇਮਾਨਦਾਰ ਸਰਕਾਰ ਹੈ ਪ੍ਰੰਤੂ ਉਹਨਾਂ ਦੇ ਡਿਜ਼ੀਟਲ ਪ੍ਰਬੰਧ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ ਜੋ ਕਿ ਭ੍ਰਿਸ਼ਟਾਚਾਰ ਨੂੰ ਖੁੱਲਾ ਸੱਦਾ ਦੇ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਆਪਣੇ ਘਰਾਂ ਦੇ ਨਜ਼ਦੀਕ ਬਦਲੀਆਂ ਕਰਾਉਣ ਲਈ ਉਡੀਕ ਕਰ ਰਹੇ ਸਨ। ਦੂਸਰੇ ਪਾਸੇ ਵਿੱਦਿਅਕ ਸੈਸ਼ਨ ਦਾ ਬਿਲਕੁੱਲ ਵਿਚਕਾਰਲਾ ਸਮਾਂ ਹੋ ਚੁੱਕਾ ਹੈ ਕਿਉਂਕਿ ਜੇਕਰ ਇਸ ਸਮੇਂ ਕਿਸੇ ਅਧਿਆਪਕ ਦੀ ਬਦਲੀ ਹੋ ਜਾਂਦੀ ਹੈ ਤਾਂ ਉਸ ਸਕੂਲ ਦੀ ਪੜ੍ਹਾਈ ਨਾਲੋਂ ਬੱਚਿਆਂ ਦਾ ਵੀ ਲਿੰਕ ਟੁੱਟਦਾ ਹੈ। ਸਰਕਾਰ ਨੂੰ ਅਧਿਆਪਕਾਂ ਦੀਆਂ ਬਦਲੀਆਂ ਵਿੱਦਿਅਕ ਸੈਸ਼ਨ ਦੇ ਸ਼ੁਰੂਆਤੀ ਦੌਰ ਵਿੱਚ ਹੀ ਕਰ ਲੈਣੀਆਂ ਚਾਹੀਦੀਆਂ ਹਨ। ਸਮੂਹ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਜਿਹੇ ਨਾਕਸ ਪ੍ਰਬੰਧਾਂ ਵਿੱਚ ਤੁਰੰਤ ਸੁਧਾਰ ਕਰਕੇ ਦੂਸਰਾ ਆਨਲਾਈਨ ਪੋਰਟਲ ਵਿੱਚ ਸੁਧਾਰ ਕਰਕੇ ਅਧਿਆਪਕਾਂ ਨੂੰ ਬਦਲੀਆਂ ਲਈ ਨਵੇਂ ਸਿਰੇ ਤੋਂ ਸਟੇਸ਼ਨ ਚੋਣ ਕਰਨ ਲਈ ਹੋਰ ਵੱਧ ਦਿਨਾਂ ਦਾ ਮੌਕਾ ਦੇਵੇ। ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮ ਆਪਣੀਆਂ ਮੰਗਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਸੰਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ, ਜਿਸ ਨੂੰ ਮੁਲਾਜ਼ਮਾਂ ਨੇ ਧੋਖਾ ਕਰਾਰ ਦਿੱਤਾ ਹੈ, ਜਿਸਨੂੰ ਅਜੇ ਤੱਕ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ। ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਮਾਣ ਭੱਤਾ ਵਰਕਰਾਂ ਲਈ ਘੱਟੋ-ਘੱਟ ਉਜਰਤ ਦਾ ਕਾਨੂੰਨ ਲਾਗੂ ਕਰਨ, ਆਊਟ ਸੋਰਸ, ਕੱਚੇ ਅਤੇ ਠੇਕਾ ਭਰਤੀ ਵਾਲਿਆਂ ਨੂੰ ਪੱਕਾ ਕਰਨ, ਪੰਜਾਬ ਪੇ ਸਕੇਲ ਬਹਾਲ ਕਰਨਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਪੇਂਡੂ ਭੱਤੇ ਸਮੇਤ 37 ਕਿਸਮ ਦੇ ਭੱਤੇ ਜਾਰੀ ਕਰਨ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਜਾਰੀ ਕਰਨ ਅਤੇ ਇਸਦੇ ਬਕਾਏ ਯਕਮੁਸ਼ਤ ਜਾਰੀ ਕਰਨ ਦੀਆਂ ਮੰਗਾਂ ਮੁੱਖ ਤੌਰ 'ਤੇ ਸ਼ਾਮਿਲ ਹਨ। ਮੁੱਖ ਮੰਤਰੀ ਵੱਲੋਂ ਅਧਿਆਪਕ ਆਗੂਆਂ ਨੂੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨਾ ਵੀ ਮੁਲਾਜ਼ਮ ਵਿਰੋਧੀ ਸਰਕਾਰ ਸਾਬਿਤ ਕਰਦਾ ਹੈ। ਇੰਨ੍ਹਾਂ ਮੰਗਾਂ ਦੀ ਪੂਰਤੀ ਨਾ ਕੀਤੇ ਜਾਣ ਤੇ ਮਜਬੂਰਨ ਅਧਿਆਪਕਾਂ ਨੂੰ ਤਿੱਖਾ ਸੰਘਰਸ਼ ਉਲੀਕਣਾ ਪਵੇਗਾ। ਇਸ ਮੌਕੇ ਡਾ. ਅਮਨਦੀਪ ਸਿੰਘ ਗਿੱਲ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ ਖੁਰਾਣਾ, ਰਾਜੀਵ ਜੋਸ਼ੀ, ਹਰਜੀਤ ਸਿੰਘ ਬਰਾੜ, ਰਮਨ ਮਹਿਤਾ ਸੁਮਿਤ ਗੋਇਲ, ਅਮਰ ਵਰਮਾ, ਸ਼ੇਖਰ ਕੁਮਾਰ, ਬਲਕਰਨ ਸਿੰਘ, ਬਲਜਿੰਦਰ ਸਿੰਘ, ਗੁਰਜੀਤ ਸਿੰਘ, ਮੰਗੂ ਸਿੰਘ, ਵਿਕਰਮਜੀਤ ਸੰਧੂ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਭਾਊ, ਸਤਨਾਮ ਸਿੰਘ, ਹਰਜੀਤ ਸਿੰਘ, ਹਰਮੀਤ ਸਿੰਘ, ਅਮਰੀਕ ਸਿੰਘ ਕਾਲੜਾ, ਪਰਵਿੰਦਰ ਸਿੰਘ ਭੂਸ਼ਣ ਕੁਮਾਰ, ਗੁਰਸੇਵਕ ਸਿੰਘ ਅਤੇ ਮਲਕੀਤ ਸਿੰਘ ਹਾਜ਼ਿਰ ਸਨ।

Author : Malout Live