ਨੈਤਿਕ ਸਿੱਖਿਆ ਦੇ ਇਮਤਿਹਾਨ ਵਿਚੋਂ ਮਨਪ੍ਰੀਤ ਕੌਰ ਨੇ ਪੰਜਵਾਂ ਸਥਾਨ ਕਰਕੇ ਕੀਤਾ ਨਾਮ ਰੋਸ਼ਨ

ਅਰਨੀਵਾਲਾ:- ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ। ਇਸ ਇਮਤਿਹਾਨ ਵਿੱਚ 3 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਸਰਕਲ ਦੇ ਅਬੋਹਰ- ਸ਼੍ਰੀ ਗੰਗਾਨਗਰ ਜ਼ੋਨ ਵਿੱਚੋਂ ਇਸ ਟੈਸਟ 'ਚ 17 ਹਜ਼ਾਰ ਵਿਦਿਆਰਥੀਆਂ ਨੇ ਪੇਪਰ ਦਿੱਤਾ। ਜਿਸ ਵਿੱਚੋਂ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਅਰਨੀਵਾਲਾ ਦੀ 10ਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਇਸ ਨੈਤਿਕ ਸਿੱਖਿਆ ਦੇ ਟੈਸਟ ਵਿੱਚੋਂ ਅਬੋਹਰ ਸ਼੍ਰੀ ਗੰਗਾਨਗਰ ਜ਼ੋਨ 'ਚੋ ਪੰਜਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ ਤੀਸਰੀ ਜਮਾਤ ਦੇ ਜਸ਼ਨਦੀਪ ਸਿੰਘ, ਅੱਠਵੀ ਜਮਾਤ ਦੀ ਨਵਨੀਤ ਕੌਰ, ਜਮਾਤ ਦਸਵੀਂ ਦੀਆਂ ਵਿਦਿਆਰਥਣਾਂ ਖੁਸ਼ਵਿੰਦਰ ਕੌਰ ਅਤੇ ਨਵਨੀਤ ਰਾਣੀ ਨੇ ਵੀ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ। ਸਕੂਲ ਪ੍ਰਧਾਨ ਜੰਗੀਰ ਸਿੰਘ ਹੰਸ ਅਤੇ ਵਾਈਸ ਪ੍ਰਿੰਸੀਪਲ ਹਰਪ੍ਰੀਤ ਸਿੰਘ ਹੰਸ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਜਾਹਿਰ ਕਰਦਿਆਂ ਵਿਦਿਆਰਥੀਆਂ ਨੂੰ ਵਧਾਈਆਂ ਦਿਤੀਆਂ। ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ।