ਯੂ.ਪੀ.ਆਈ ਪੇਮੈਂਟ ਸਰਚਾਰਜ ਦੀ ਖਬਰ ਬਾਰੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਦਿੱਤਾ ਸਪੱਸ਼ਟੀਕਰਨ

ਮਲੋਟ (ਪੰਜਾਬ): ਯੂ.ਪੀ.ਆਈ ਪੇਮੈਂਟ ’ਤੇ ਸਰਚਾਰਜ ਦੀ ਖਬਰ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਲੋਕਾਂ ਦਰਮਿਆਨ ਇਸ ਗੱਲ ਨੂੰ ਲੈ ਕੇ ਟੈਨਸ਼ਨ ਦੇਖੀ ਜਾ ਰਹੀ ਹੈ ਕਿ ਕੀ ਹੁਣ ਡਿਜ਼ੀਟਲ ਪੇਮੈਂਟ ਕਰਨ ਲਈ ਵੀ ਉਨ੍ਹਾਂ ਦੀ ਜੇਬ ’ਤੇ ਬੋਝ ਵਧਣ ਵਾਲਾ ਹੈ। ਇਸ ਨਾਲ ਜੁੜੀਆਂ ਕਈ ਦੁਚਿੱਤੀਆਂ ਨੂੰ ਦੂਰ ਕਰਨ ਲਈ ਹੁਣ ਯੂ.ਪੀ.ਆਈ ਸਿਸਟਮ ਆਪਰੇਟ ਕਰਨ ਵਾਲੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ) ਨੇ ਸਫਾਈ ਜਾਰੀ ਕਰ ਦਿੱਤੀ ਹੈ। ਐੱਨ.ਪੀ.ਸੀ.ਆਈ ਨੇ ਟਵਿੱਟਰ ’ਤੇ ਇੱਕ ਬਿਆਨ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ ‘ਯੂ.ਪੀ.ਆਈ' ਪੇਮੈਂਟ ਪਹਿਲਾਂ ਵਾਂਗ ਮੁਫਤ, ਤੇਜ਼, ਸੁਰੱਖਿਅਤ ਅਤੇ ਸੌਖਾਲਾ ਬਣਿਆ ਰਹੇਗਾ। ਬੈਂਕ ਅਕਾਊਂਟ ਦਾ ਇਸਤੇਮਾਲ ਕਰ ਕੇ ਯੂ.ਪੀ.ਆਈ ਰਾਹੀਂ ਟ੍ਰਾਂਜੈਕਸ਼ਨ ਕਰਨ ਵਾਲੇ ਗਾਹਕਾਂ ਅਤੇ ਮਰਚੈਂਟਸ ’ਤੇ ਨਵੇਂ ਸਰਚਾਰਜ ਦਾ ਕੋਈ ਅਸਰ ਨਹੀਂ ਹੋਵੇਗਾ। NPCI ਨੇ ਬਿਆਨ 'ਚ ਕਿਹਾ ਕਿ ਵਿਕਰੇਤਾ ਦੇ 'ਪੂਰਵ-ਭੁਗਤਾਨ ਸਾਧਨ (PPI)' ਰਾਹੀਂ ਲੈਣ-ਦੇਣ 'ਤੇ ਇੰਟਰਚੇਂਜ ਫੀਸ ਲੱਗੇਗੀ। ਹਾਲਾਂਕਿ, ਇਹ ਫੀਸ ਗਾਹਕਾਂ ਨੂੰ ਅਦਾ ਨਹੀਂ ਕਰਨੀ ਪਵੇਗੀ।

ਵਾਸਤਵ ਵਿੱਚ ਕਾਰਪੋਰੇਸ਼ਨ ਨੇ PPI ਵਾਲਿਟ ਨੂੰ ਇੰਟਰਚੇਂਜ UPI ਈਕੋਸਿਸਟਮ ਦਾ ਹਿੱਸਾ ਬਣਨ ਦੀ ਇਜਾਜ਼ਤ ਦਿੱਤੀ ਹੈ ਅਤੇ PPIs ਦੁਆਰਾ 2,000 ਰੁਪਏ ਤੋਂ ਵੱਧ ਦੇ UPI ਲੈਣ-ਦੇਣ 'ਤੇ 1.1 ਪ੍ਰਤੀਸ਼ਤ ਫੀਸ ਲਗਾਈ ਹੈ। ਇਸ ਵਿੱਚ ਕਿਹਾ ਗਿਆ ਹੈ, 'ਇੰਟਰਚੇਂਜ ਫੀਸ ਸਿਰਫ਼ PPI ਵਪਾਰੀ ਲੈਣ-ਦੇਣ 'ਤੇ ਲਾਗੂ ਹੋਵੇਗੀ, ਗਾਹਕਾਂ ਤੋਂ ਕੋਈ ਵੀ ਚਾਰਜ ਨਹੀਂ ਲਿਆ ਜਾਵੇਗਾ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬੈਂਕ ਖਾਤੇ ਤੋਂ ਬੈਂਕ ਖਾਤੇ ਆਧਾਰਿਤ UPI ਭੁਗਤਾਨਾਂ (ਆਮ UPI ਭੁਗਤਾਨ) 'ਤੇ ਕੋਈ ਖਰਚਾ ਨਹੀਂ ਆਵੇਗਾ। ਬੈਂਕ ਖਾਤੇ ਤੋਂ ਬੈਂਕ ਖਾਤੇ ਦਾ ਲੈਣ-ਦੇਣ ਗਾਹਕਾਂ ਅਤੇ ਵਿਕਰੇਤਾ ਦੋਵਾਂ ਲਈ ਮੁਫਤ ਹੋਵੇਗਾ। ਐੱਨ.ਪੀ.ਸੀ.ਆਈ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਯੂ.ਪੀ.ਆਈ. ਰਾਹੀਂ ਲੈਣ-ਦੇਣ ਦਾ ਸਭ ਤੋਂ ਮਸ਼ਹੂਰ ਤਰੀਕਾ, ਕਿਸੇ ਯੂ.ਪੀ.ਆਈ. ਇਨੇਬਲਡ ਐਪ (ਜਿਵੇਂ ਕਿ ਗੂਗਲ ਪੇਅ, ਫੋਨਪੇਅ, ਭੀਮ ਅਤੇ ਪੇਅ.ਟੀ.ਐੱਮ) ਰਾਹੀਂ ਆਪਣੇ ਬੈਂਕ ਖਾਤੇ ਨੂੰ ਲਿੰਕ ਕਰ ਕੇ ਪੇਮੈਂਟ ਕਰਨਾ ਹੈ। ਇਸ ਤਰ੍ਹਾਂ ਬੈਂਕ ਅਕਾਊਂਟ ਤੋਂ ਬੈਂਕ ਅਕਾਊਂਟ ਦਰਮਿਆਨ ਹੋਣ ਵਾਲੇ ਲੈਣ-ਦੇਣ ਅੱਗੇ ਵੀ ਮੁਫ਼ਤ ਬਣੇ ਰਹਿਣਗੇ। Author: Malout Live