ਪੰਜਾਬ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਗਿਣਤੀ ਵਿੱਚ ਵਾਧੇ ਦੀ ਤਿਆਰੀ 634 ਮੈਡੀਕਲ ਅਫਸਰਾਂ ਦੀ ਭਰਤੀ ਲਈ ਇੰਟਰਵਿਊ 9 ਅਤੇ 10 ਨਵੰਬਰ ਨੂੰ
ਮਲੋਟ (ਪੰਜਾਬ): ਪੰਜਾਬ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਸੁਧਾਰ ਕਰਨ ਵੱਲ ਵੱਡੀ ਪੁਲਾਂਘ ਪੁੱਟਦਿਆਂ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਨੇ 634 ਮੈਡੀਕਲ ਅਫਸਰਾਂ ਦੀ ਭਰਤੀ ਲਈ ਵਾਕ-ਇਨ ਇੰਟਰਵਿਊ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਇਹ ਇੰਟਰਵਿਊ 9 ਅਤੇ 10 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ-34-ਏ, ਚੰਡੀਗੜ੍ਹ ਵਿਖੇ ਹੋਵੇਗੀ। ਇਸ ਦੇ ਨਾਲ ਹੀ ਸਿਹਤ ਵਿਭਾਗ ਵਿੱਚ ਇਸ ਵਿਆਪਕ ਭਰਤੀ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੌੜਾਮਾਜਰਾ ਨੇ ਦੱਸਿਆ ਕਿ ਇਨ੍ਹਾਂ 634 ਅਸਾਮੀਆਂ ਵਿੱਚ ਵੱਖ-ਵੱਖ ਮਾਹਿਰ ਸ਼ਾਮਲ ਹਨ ਜਿਵੇਂ ਕਿ ਮੈਡੀਸਨ ਨਾਲ ਸੰਬੰਧਿਤ 103, ਜਨਰਲ ਸਰਜਰੀ 78, ਗਾਇਨੀਕੋਲੋਜੀ 100, ਪੀਡੀਆਟ੍ਰਿਕਸ 122, ਅਨੈਸਥੀਸੀਆ 75, ਆਰਥੋ 113, ਰੇਡਿਓਲੋਜੀ 31, ਈ.ਐੱਨ.ਟੀ 16, ਅੱਖਾਂ ਦੇ ਮਾਹਿਰ 16, ਸਕਿੱਨ ਐਂਡ ਵੀ.ਡੀ 24, ਮਨੋਰੋਗ ਮਾਹਿਰ 10, ਛਾਤੀ ਅਤੇ ਟੀ.ਬੀ. ਦੇ ਮਾਹਿਰ 6, ਪੈਥੋਲੋਜੀ 12, ਮਾਈਕਰੋਬਾਇਓਲੋਜੀ 5, ਕਮਿਊਨਿਟੀ ਮੈਡੀਸਨ 4, ਬੀ.ਟੀ.ਓ 9 ਅਤੇ ਫੋਰੈਂਸਿਕ ਮੈਡੀਸਨ 12 ਸ਼ਾਮਿਲ ਹਨ। Author: Malout Live