ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰਾਤ ਸਮੇਂ ਵਿਸ਼ੇਸ਼ ਸਰਚ ਆਪ੍ਰੇਸ਼ਨ, 43 ਨਾਕੇ ਲਗਾ ਕੇ ਕੀਤੀ ਚੈਕਿੰਗ

ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ ਦੀ ਅਗਵਾਈ ਹੇਠ ਵਿਸ਼ੇਸ਼ ਨਾਈਟ ਡੋਮੀਨੇਸ਼ਨ ਸਰਚ ਆਪ੍ਰੇਸ਼ਨ ਚਲਾਇਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ ਦੀ ਅਗਵਾਈ ਹੇਠ ਵਿਸ਼ੇਸ਼ ਨਾਈਟ ਡੋਮੀਨੇਸ਼ਨ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਹ ਮੁਹਿੰਮ ਜ਼ਿਲ੍ਹੇ ਦੀਆਂ ਚਾਰ ਸਬ-ਡਿਵੀਜ਼ਨਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਚਲਾਈ ਗਈ। ਇਸ ਦੌਰਾਨ ਜ਼ਿਲ੍ਹੇ ਭਰ ਵਿੱਚ 43 ਨਾਕੇ ਲਗਾ ਕੇ ਆਉਣ-ਜਾਣ ਵਾਲੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਇੰਟਰ-ਸਟੇਟ ਅਤੇ ਸਟੇਟ ਬਾਊਂਡਰੀ ਪੁਆਇੰਟਾਂ ’ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਇਸ ਸਰਚ ਆਪ੍ਰੇਸ਼ਨ ਵਿੱਚ 3 ਐੱਸ.ਪੀ, 6 ਡੀ.ਐੱਸ.ਪੀ ਅਤੇ 500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਮੁਹਿੰਮ ਦੀ ਨਿਗਰਾਨੀ ਕੀਤੀ ਗਈ। ਪੁਲਿਸ ਟੀਮਾਂ ਨੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਮੁੱਖ ਸੜਕਾਂ, ਬਾਜ਼ਾਰਾਂ, ਗਲੀ-ਮੁਹੱਲਿਆਂ, ਪਾਰਕਾਂ, ਰਿਜ਼ੋਰਟਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਜਾਂਚ ਕੀਤੀ।

ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੇ ਸਮਾਨ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਨ ਦੇ ਨਾਲ ਜੀ.ਆਰ.ਪੀ ਨਾਲ ਤਾਲਮੇਲ ਕਰਕੇ ਪਛਾਣ ਦੀ ਤਸਦੀਕ ਕੀਤੀ ਗਈ। PAIS ਐਪ ਰਾਹੀਂ ਪੁਲਿਸ ਰਿਕਾਰਡ ਅਤੇ ਵਾਹਨ ਐਪ ਦੀ ਮੱਦਦ ਨਾਲ ਸ਼ੱਕੀ ਤੇ ਲਾਵਾਰਿਸ ਵਾਹਨਾਂ ਦੀ ਵੀ ਜਾਂਚ ਕੀਤੀ ਗਈ। ਨਾਕਿਆਂ ਦੌਰਾਨ ਬਿਨਾਂ ਨੰਬਰ ਪਲੇਟ, ਮੋਡੀਫਾਈਡ ਸਿਲੈਂਸਰ, ਡਿਮ ਲਾਈਟਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ। ਐੱਸ.ਐੱਸ.ਪੀ ਸ਼੍ਰੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਰਾਤ ਸਮੇਂ ਗਸ਼ਤ, ਨਾਕਾਬੰਦੀ ਅਤੇ ਸਰਚ ਆਪ੍ਰੇਸ਼ਨ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਨ-ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ੱਕੀ ਵਿਅਕਤੀ, ਵਾਹਨ ਜਾਂ ਗਤੀਵਿਧੀ ਨਜ਼ਰ ਆਉਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਇਸ ਲਈ ਪੁਲਿਸ ਕੰਟਰੋਲ ਰੂਮ ਨੰਬਰ 80549-42100 ਜਾਂ ਐਮਰਜੈਂਸੀ ਹੈਲਪਲਾਈਨ 112 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live