ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਇਸ ਦਿਨ ਹੋ ਸਕਦੀ ਹੈ ਵੋਟਿੰਗ
ਮਲੋਟ (ਪੰਜਾਬ): ਪੰਜਾਬ ਸਰਕਾਰ 7 ਜਨਵਰੀ, 2024 ਨੂੰ ਨਗਰ ਨਿਗਮ ਚੋਣਾਂ ਕਰਵਾ ਸਕਦੀ ਹੈ। ਇਸ ਸੰਬੰਧੀ ਆਮ ਆਦਮੀ ਪਾਰਟੀ ਵੀ ਆਪਣੀਆਂ ਤਿਆਰੀਆਂ ਕਰ ਰਹੀ ਹੈ। ਨਿਗਮ ਚੋਣਾਂ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਹਨ। ਲੋਕਲ ਬਾਡੀਜ਼ ਵਿਭਾਗ ਨੇ ਨਿਗਮ ਚੋਣਾਂ ਕਰਵਾਉਣ ਸੰਬੰਧੀ 2-3 ਵਾਰ ਨੋਟੀਫਿਕੇਸ਼ਨ ਜਾਰੀ ਕਰ ਕੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਭੇਜਿਆ ਸੀ ਪਰ ਬਾਅਦ ਵਿੱਚ ਚੋਣਾਂ ਮੁੜ ਮੁਲਤਵੀ ਕਰ ਦਿੱਤੀਆਂ ਗਈਆਂ। ਇਸ ਦਾ ਇਕ ਕਾਰਨ ਇਹ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਹੋਰਨਾਂ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵੱਲ ਸੀ। ਵਿਧਾਨ ਸਭਾ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣੇ ਹਨ, ਇਸ ਲਈ ਨਿਗਮ ਚੋਣਾਂ ਜਨਵਰੀ ਵਿੱਚ ਕਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਹੁਣੇ ਜਿਹੇ ਹੀ ਚੰਡੀਗੜ੍ਹ ਵਿੱਚ ਇਕ ਮੀਟਿੰਗ ਹੋਈ ਸੀ,
ਜਿਸ ਵਿੱਚ ਸੰਸਦ ਮੈਂਬਰ ਡਾ. ਸੰਦੀਪ ਪਾਠਕ ਨੇ ਸ਼ਿਰਕਤ ਕੀਤੀ ਸੀ। ਇਸ ਮੀਟਿੰਗ ਵਿੱਚ ਵੀ ਪਾਰਟੀ ਆਗੂਆਂ ਨੂੰ ਇਹੀ ਸੰਕੇਤ ਦਿੱਤਾ ਗਿਆ ਸੀ ਕਿ ਉਹ ਜਨਵਰੀ ਵਿੱਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਤਿਆਰ ਰਹਿਣ। ਜੇ 3 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਿਕਲਣ ਵਾਲੇ ਨਤੀਜੇ ਆਮ ਆਦਮੀ ਪਾਰਟੀ ਲਈ ਅਨੁਕੂਲ ਰਹੇ ਤਾਂ ਉਸ ਹਾਲਤ ਵਿੱਚ ਨਿਗਮ ਚੋਣਾਂ 7 ਜਨਵਰੀ ਨੂੰ ਕਰਵਾਈਆਂ ਜਾਣਗੀਆਂ। ਲੋਕ ਸਭਾ ਦੀਆਂ ਆਮ ਚੋਣਾਂ ਅਪ੍ਰੈਲ ਦੇ ਸ਼ੁਰੂ ਵਿੱਚ ਹੋਣਗੀਆਂ। ਤਰੀਕਾਂ ਦਾ ਐਲਾਨ ਮੁੱਖ ਚੋਣ ਕਮਿਸ਼ਨ ਵੱਲੋਂ ਮਾਰਚ ਮਹੀਨੇ ਵਿੱਚ ਕੀਤਾ ਜਾਵੇਗਾ। ਫਿਲਹਾਲ ਸਰਕਾਰ ਨੇ ਨਿਗਮਾਂ ਦੀ ਕਮਾਨ ਕਮਿਸ਼ਨਰਾਂ ਨੂੰ ਸੌਂਪ ਦਿੱਤੀ ਹੈ। ਪੰਜਾਬ ’ਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ ਹਨ। Author: Malout Live