ਡਿਪਟੀ ਕਮਿਸ਼ਨਰ ਨੇ ਨਰਮੇਂ ਦੀ ਫ਼ਸਲ ਨੂੰ ਚਿੱਟੀ ਮੱਖੀ ਅਤੇ ਹੋਰ ਕੀਟਾਂ ਤੋਂ ਬਚਾਉਣ ਲਈ ਨਦੀਨ ਨਸ਼ਟ ਮੁਹਿੰਮ ਨੂੰ ਸਫਲ ਬਨਾਉਣ ਲਈ ਮੀਟਿੰਗ ਦਾ ਕੀਤਾ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਦਫਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਰਮੇ ਦੀ ਫਸਲ ਤੇ ਚਿੱਟੀ ਮੱਖੀ, ਮਿਲੀਬੱਗ, ਗੁਲਾਬੀ ਸੁੰਡੀ ਅਤੇ ਲੀਫ਼ ਕਰਲ ਵਾਇਰਸ ਦੇ ਹਮਲੇ ਦੀ ਅਗਾਊ ਰੋਕਥਾਮ ਲਈ ਨਦੀਨ ਨਸ਼ਟ ਮੁਹਿੰਮ ਨੂੰ ਸਫਲ ਬਨਾਉਣ ਲਈ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਦਾ ਆਯੋਜਨ ਕੀਤਾ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੀ-ਆਪਣੀ ਹਦੂਦ ਅੰਦਰ ਨਦੀਨਾਂ ਨੂੰ ਜਲਦ ਤੋਂ ਜਲਦ ਨਸ਼ਟ ਕਰਵਾਇਆ ਜਾਵੇ ਅਤੇ ਇਸ ਸੰਬੰਧੀ ਹਫ਼ਤਾਵਰੀ ਪ੍ਰਗਤੀ ਰਿਪੋਰਟ ਖੇਤੀਬਾੜੀ ਵਿਭਾਗ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਨਾਲ ਨਰਮੇਂ ਦੀ ਪੈਦਾਵਾਰ ਵਧਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣਗੇ। ਇਸ ਮੀਟਿੰਗ ਦੌਰਾਨ ਡਾ. ਧਰਮਪਾਲ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਅਤੇ ਸੁਖਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਨੇ ਨਰਮੇਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੀ ਚਿੱਟੀ ਮੱਖੀ ਦੀ ਪਹਿਚਾਣ, ਜੀਵਨ ਚੱਕਰ ਅਤੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਨਰਮੇਂ ਦੀ ਬਿਜਾਈ ਤੋਂ ਪਹਿਲਾ ਚਿੱਟੀ ਮੱਖੀ ਖੇਤਾਂ ਦੀਆਂ ਵੱਟਾਂ, ਖਾਲੇ, ਪਹੀਆਂ, ਖਾਲੀ ਥਾਂਵਾ, ਸੜਕਾਂ ਦੇ ਕਿਨਾਰਿਆਂ, ਖਾਲੀ ਜਮੀਨ/ਪਲਾਟ, ਨਹਿਰਾਂ, ਕੱਸੀਆਂ ਅਤੇ ਡਰੇਨਾਂ ਵਿੱਚ ਉੱਗੇ ਨਦੀਨਾਂ ਅਤੇ ਹੋਰ ਫਸਲਾਂ ਉੱਪਰ ਪਲਦੀ ਰਹਿੰਦੀ ਹੈ। ਨਰਮੇਂ ਦੀ ਬਿਜਾਈ ਉਪਰੰਤ ਨਦੀਨਾਂ ਉੱਪਰ ਪਲ ਰਹੀ ਇਹ ਚਿੱਟੀ ਮੱਖੀ ਨਰਮੇਂ ਦੀ ਫਸਲ ਤੇ ਹਮਲਾ ਕਰ ਦਿੰਦੀ ਹੈ। ਚਿੱਟੀ ਮੱਖੀ ਦਾ ਸਰਕਲ ਤੋੜਨ ਲਈ ਇਹ ਜਰੂਰੀ ਹੈ ਕਿ ਚਿੱਟੀ ਮੱਖੀ ਦੇ ਪਨਾਹਗੀਰ ਨਦੀਨ ਜਿਵੇ ਕਿ ਪੀਲੀ ਬੂਟੀ, ਪੁੱਠ ਕੰਡਾਂ, ਧਤੂਰਾ, ਦੋਧਕ, ਮਿਲਕ ਵੀਡ, ਬਾਥੂ, ਕੰਗੀ ਬੂਟੀ, ਚਲਾਈ, ਗੁਵਾਰਾ ਫਲੀ, ਭੰਬੋਲਾਂ, ਤਾਦਲਾਂ, ਗੁਲਾਬੀ, ਹੁਲਹੁਲ, ਮਾਕੜੂ ਵੇਲ, ਗਾਜਰ ਘਾਹ ਅਤੇ ਭੰਗ ਨਰਮੇਂ ਦੀ ਬਿਜਾਈ ਤੋਂ ਪਹਿਲਾਂ ਨਸ਼ਟ ਕਰਨੇ ਬਹੁਤ ਜਰੂਰੀ ਹਨ। ਇਸ ਤਰ੍ਹਾਂ ਕਰਨ ਨਾਲ ਚਿੱਟੀ ਮੱਖੀ ਦਾ ਸਰਕਲ ਟੁੱਟ ਜਾਵੇਗਾ ਅਤੇ ਨਰਮੇਂ ਦੀ ਫ਼ਸਲ ਨੂੰ ਚਿੱਟੀ ਮੱਖੀ, ਮਿਲੀਬੱਗ, ਗੁਲਾਬੀ ਸੁੰਡੀ ਅਤੇ ਲੀਫ਼ ਕਰਲ ਵਾਇਰਸ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਨਯਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਮੁਕਤਸਰ ਸਾਹਿਬ ਵੀ ਮੌਜੂਦ ਸਨ। Author: Malout Live