ਕਿਸ਼ੋਰੀ ਕੁੜੀਆਂ ਅਤੇ ਔਰਤਾਂ ਮਹਾਂਵਾਰੀ ਦੌਰਾਨ ਸਾਫ਼ ਸਫ਼ਾਈ ਦਾ ਵਿਸ਼ੇਸ ਧਿਆਨ ਰੱਖਣ: ਡਾ ਰੰਜੂ ਸਿੰਗਲਾ ਸਿਵਲ ਸਰਜਨ। ਕਿਸ਼ੋਰੀਆਂ ਅਤੇ ਔਰਤਾਂ ਦੀ ਮਹਾਵਾਰੀ ਦੌਰਾਨ ਸਾਫ਼ ਸਫ਼ਾਈ ਸਬੰਧੀ ਅਰਬਨ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਦਿੱਤੀ ਟ਼ੇਨਿੰਗ
ਸ੍ਰੀ ਮੁਕਤਸਰ ਸਾਹਿਬ :-ਮਹਾਂਵਾਰੀ ਸਬੰਧੀ ਸਵਾਸਥਿਕ ਸਾਫ਼ ਸਫ਼ਾਈ (ਹਾਈਜੀਨ) ਸਕੀਮ ਸਬੰਧੀ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਜਿਲ੍ਹੇ ਦੀਆਂ ਸਮੂਹ ਅਰਬਨ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀ ਟ੍ਰੇਨਿੰਗ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਹੈ। ਇਸ ਮੌਕੇ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ 11 ਤੋਂ 19 ਸਾਲ ਤੱਕ ਦੀਆਂ ਕੁੜੀਆਂ ਅਤੇ ਔਰਤਾਂ ਦੀ ਸਿਹਤ ਅਤੇ ਮਾਨ ਲਈ ਮਾਹਵਾਰੀ ਨਾਲ ਜੁੜੀਆਂ ਗਲਤ ਧਾਰਨਾਵਾਂ ਅਤੇ ਮਿੱਥਾਂ ਨੂੰ ਦੂਰ ਕਰਨ ਵਾਸਤੇ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਵਿੱਚ ਘੁੰਮਣ ਫਿਰਨ ਦੀ ਆਜ਼ਾਦੀ ਅਤੇ ਉਹਨਾਂ ਦੇ ਨਿੱਜੀ ਸੌਖ ਦੀ ਨਜ਼ਰ ਤੋਂ ਮਾਹਵਾਰੀ ਸਬੰਧਿਤ ਸਿਹਤ ਸਿੱਖਿਆ ਮਹੱਤਵਪੂਰਨ ਹੈ। ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਨਾ ਰੱਖਣ ਕਰਕੇ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਅਸੀਂ ਕੁੜੀਆਂ ਨੂੰ ਇਸ ਸਬੰਧੀ ਜਾਣਕਾਰੀ ਅਤੇ ਟ੍ਰੇਨਿੰਗ ਦੇਵਾਂਗੇ ਤਾਂ ਸਕੂਲਾਂ ਵਿੱਚ ਕੁੜੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਉਹਨਾਂ ਦੱਸਿਆ ਕਿ ਸਕੂਲਾਂ, ਕਾਲਜਾਂ ਹੋਰ ਔਰਤਾਂ ਦੇ ਇਕੱਠਾਂ ਨੂੰ ਸਵਾਸਥਿਕ ਸਾਫ਼ ਸਫ਼ਾਈ, ਸਾਫ਼ ਪਾਣੀ, ਸਾਫ਼ ਪਾਖਾਨਿਆ ਦੀ ਸਹੂਲਤ, ਕੁੜੀਆਂ ਲਈ ਅਲੱਗ ਪਖਾਨਿਆ ਸਬੰਧੀ, ਸੈਨੇਟਰੀ ਸਮੱਗਰੀ ਦਾ ਸਹੀ ਪ੍ਰ਼ਯੋਗ ਅਤੇ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ।
ਉਹਨਾਂ ਦੱਸਿਆ ਕਿ ਸਵਾਸਥਿਕ ਸਾਫ਼ ਸਫ਼ਾਈ ਸਬੰਧੀ ਲੇਡੀ ਪੰਚਾਇਤ ਮੈਂਬਰਾਂ, ਪਿੰਡ ਦੀ ਸਿਹਤ ਤੇ ਸੈਨੀਟੇਸ਼ਨ ਕਮੇਟੀ ਅਤੇ ਔਰਤ ਕਲੱਬਾਂ ਨਾਲ ਸੰਪਰਕ ਕਰਕੇ ਇਸ ਪ੍ਰੋਗ੍ਰਾਮ ਨੂੰ ਸਫ਼ਲ ਬਨਾਇਆ ਜਾਵੇ। ਉਹਨਾਂ ਸਵਾਸਥਿਕ ਸਾਫ਼ ਸਫ਼ਾਈ ਦੇ ਨਾਲ ਨਾਲ ਆਪਣੇ ਸਰੀਰ ਦੀ ਸਾਫ਼ ਸਫ਼ਾਈ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਸਬੰਧੀ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸੁਖਮੰਦਰ ਸਿੰਘ ਅਤੇ ਸ਼ਿਵਪਾਲ ਸਿੰਘ ਨੇ ਕਿਹਾ ਕਿ ਕਿਸ਼ੋਰੀਆਂ ਵਿੱਚ ਪਹਿਲੀ ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਿੱਖਿਆ ਦਿੱਤੀ ਜਾਵੇ ਤਾਂ ਜ਼ੋ ਪਹਿਲੀ ਮਾਹਵਾਰੀ ਸਮੇਂ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨੇ ਪਵੇ। ਉਹਨਾ ਕਿਹਾ ਕਿ ਕਿਸ਼ੋਰੀਆਂ ਅਤੇ ਔਰਤਾਂ ਵਿੱਚ ਮਾਹਵਾਰੀ ਸਮੇਂ ਸਾਫ਼ ਸਫ਼ਾਈ ਦੀ ਘੱਟ ਜਾਣਕਾਰੀ ਹੋਣ ਕਰਕੇ ਹੀ ਸਿਹਤ ਨੂੰ ਖਤਰਾ ਬਣਿਆ ਰਹਿੰਦਾ ਹੈ। ਉਹਨਾ ਕਿਹਾ ਕਿ ਸਕੂਲਾਂ ਵਿੱਚ ਵੀ ਔਰਤ ਅਧਿਆਪਿਕਾਂ ਨੂੰ ਇਸ ਮੁਹਿੰਮ ਸਬੰਧੀ ਨੋਡਲ ਅਫ਼ਸਰ ਬਨਾਇਆ ਗਿਆ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਜਾਣਕਾਰੀ ਲੈਣ ਲਈ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਇਸ ਸਮੇਂ ਦੀਪਕ ਕੁਮਾਰ ਜਿਲ੍ਹਾ ਪ੍ਰੋਗ੍ਰਾਮ ਮੇੈਨੇਜਰ, ਵਿਨੋਦ ਖੁਰਾਣਾ, ਰਮਨਦੀਪ ਕੌਰ ਅਤੇ ਸਮੂਹ ਮਲਟੀਪਰਪਜ਼ ਹੈਲਥ ਵਰਕਰ ਹਾਜ਼ਰ ਸਨ।