ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ ਦਾ ਆਯੋਜਨ ਕੌਮੀ ਲੋਕ ਅਦਾਲਤ ਹੁਣ 10 ਅਪ੍ਰੈਲ ਨੂੰ ਲੱਗੇਗੀ

ਸ੍ਰੀ ਮੁਕਤਸਰ ਸਾਹਿਬ :-  ਸ੍ਰੀ ਅਰੁਨਵੀਰ ਵਸ਼ਿਸਟ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਕੋਰਟ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਤਿਮਾਹੀ ਮੀਟਿੰਗ ਆਯੋਜਿਤ ਕੀਤੀ ਗਈ , ਜਿਸ ਵਿੱਚ ਅਥਾਰਟੀ ਵੱਲੋਂ ਕਾਨੂੰਨੀ ਸਹਾਇਤਾ ਕੇਸਾਂ ਦੀ ਮਨਜੂਰੀ ਦਿੱਤੀ ਗਈ ਅਤੇ ਅਥਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ ਇਸ ਤੋਂ ਇਲਾਵਾ ਅੱਗੇ ਕੀਤੇ ਜਾਣ ਵਾਲੇ ਕੰਮਾਂ ਸੰਬੰਧੀ ਗੱਲ-ਬਾਤ ਕੀਤੀ ਗਈ।  ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਐਮ. ਕੇ ਅਰਾਵਿੰਦ ਕੁਮਾਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਕੰਵਲਜੀਤ ਸਿੰਘ, ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਡੀ. ਸੁਡਰਵਿਜੀ, ਅਥਾਰਟੀ ਦੇ ਸਕੱਤਰ ਸ. ਪ੍ਰਿਤਪਾਲ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ) / ਸੀ.ਜੇ.ਐੱਮ, ਸੀ.ਜੇ.ਐਮ. ਸ੍ਰੀ ਅਤੁਲ ਕੰਬੋਜ, ਜ਼ਿਲ੍ਹਾ ਅਟਾਰਨੀ ਸ੍ਰੀ ਨਵਦੀਪ ਗਿਰਧਰ ਅਤੇ ਬਾਕੀ ਮੈਂਬਰਾਨ ਹਾਜ਼ਿਰ ਸਨ।

ਸਾਰੇ ਹਾਜ਼ਿਰ ਮੈਂਬਰਾਨ ਨੇ ਅਥਾਰਟੀ ਦੇ ਕੰਮਾ ਪ੍ਰਤੀ ਤਸੱਲੀ ਪਰਗਟ ਕੀਤੀ ਅਤੇ ਦੱਸਿਆ ਕਿ ਅਥਾਰਟੀ ਹਮੇਸ਼ਾ ਜਰੂਰਤ ਮੰਦਾ ਦੀ ਕਾਨੂੰਨੀ ਸਹਾਇਤਾ ਲਈ ਤਤਪਰ ਰਹਿੰਦੀ ਹੈ ਅਤੇ ਕਾਨੂੰਨ ਪੱਖੋਂ ਹਰ ਸੰਭਵ ਮਦਦ ਕਰਦੀ ਆ ਰਹੀ ਹੈ ਜੋ ਅੱਗੇ ਵੀ ਬਰਕਰਾਰ ਰੱਖਿਆ ਜਾਵੇਗਾ। ਮੀਟਿੰਗ ਦੌਰਾਨ  10 ਅਪ੍ਰੈਲ 2021 ਨੂੰ ਲੱਗ ਰਹੀ ਕੌਮੀ ਲੋਕ ਅਦਾਲਤ ਸੰਬੰਧੀ ਵੀ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਮੀਟਿੰਗ ਵਿੱਚ ਹਾਜ਼ਿਰ ਮੈਂਬਰਾਂ ਨੂੰ ਕੌਮੀ ਲੋਕ ਅਦਾਲਤ ਨੂੰ ਵੱਧ ਤੋਂ ਵੱਧ ਕਾਮਯਾਬ ਬਣਾਉਣ ਲਈ ਉਪਰਾਲੇ ਕਰਨ ਲਈ ਕਿਹਾ।  ਇਸ ਉਪਰੰਤ ਅੰਡਰਟ੍ਰਾਇਲ ਰਿਵਿਊ ਕਮੇਟੀ, ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕਮੇਟੀ ਦੇ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਹਵਾਲਾਤੀਆਂ ਦੇ ਲੰਬਿਤ ਕੇਸਾਂ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਤਾਂ ਕਿ ਵੱਧ ਤੋਂ ਵੱਧ ਹਵਾਲਾਤੀਆਂ ਦੀ ਕਾਨੂੰਨ ਮੁਤਾਬਕ ਬਣਦੀ ਰਿਹਾਈ ਸੰਭਵ ਹੋ ਸਕੇ ਤੇ ਉਨ੍ਹਾਂ ਨੂੰ ਆਪਣਾ ਮੁਕੱਦਮਾਂ ਝਗੜਣ ਵਿਚ ਕੋਈ ਦਿਕੱਤ ਪੇਸ਼ ਨਾ ਆਵੇ। ਅਥਾਰਟੀ ਵੱਲੋਂ ਦੱਸਿਆ ਗਿਆ ਕਿ ਵਧੇਰੇ ਜਾਣਕਾਰੀ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1968 ਤੇ ਜਾਂ ਸਿੱਧੇ ਤੌਰ ਤੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।