ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਅੰਤਰਰਾਜੀ ਮੋਟਰਸਾਇਕਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ 10 ਚੋਰੀ ਦੇ ਮੋਟਰਸਾਇਕਲਾਂ ਸਮੇਤ ਕੀਤਾ ਕਾਬੂ
ਸ਼੍ਰੀ ਮੁਕਤਸਰ ਸਾਹਿਬ:- ਆਈ.ਪੀ.ਐੱਸ ਡਾ. ਸਚਿਨ ਗੁਪਤਾ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸ. ਗੁਰਚਰਨ ਸਿੰਘ ਗੁਰਾਇਆ ਐੱਸ.ਪੀ (ਡੀ) ਅਤੇ ਸ਼੍ਰੀ ਜਗਦੀਸ਼ ਕੁਮਾਰ ਡੀ.ਐੱਸ.ਪੀ (ਸ.ਡ) ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਅੰਤਰਰਾਜੀ ਮੋਟਰਸਾਇਕਲ ਚੋਰੀ ਕਰਨ ਵਾਲੇ ਵਿਅਕਤੀ ਨੂੰ 10 ਚੋਰੀ ਦੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਸ:ਥ ਅੰਮ੍ਰਿਤਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਪੁਲ ਸੁਆ ਬੂੜਾ ਗੁੱਜਰ ਰੋਡ ਨਜਦੀਕ ਬਾਂਸਲ ਪੈਲਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ ਪੁੱਤਰ ਰਣ ਸਿੰਘ ਵਾਸੀ ਪਿੰਡ ਬਧਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੋ ਮੋਟਰਸਾਇਕਲ ਚੋਰੀ ਕਰਨ ਦਾ ਆਦੀ ਹੈ ਅਤੇ ਇਸ ਵਕਤ ਵੀ ਮੋਟਰਸਾਇਕਲ ਨੰਬਰੀ PB-30S-8645 ਮਾਰਕਾ ਹੀਰੋ CD Deluxe ਰੰਗ ਕਾਲਾ ਜੋ ਚੋਰੀ ਕੀਤਾ ਹੋਇਆ ਹੈ, ਵੇਚਣ ਦੀ ਤਾਂਗ ਵਿੱਚ ਪੁਲ ਸੁਆ ਕੋਟਲੀ ਰੋਡ ਸ਼੍ਰੀ ਮੁਕਤਸਰ ਸਾਹਿਬ ਪਰ ਖੜਾ ਹੈ। ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ‘ਤੇ ਪੁਲਿਸ ਨੇ ਦੋਸ਼ੀ ਨੂੰ ਸਮੇਤ ਮੋਟਰ ਸਾਇਕਲ ਕਾਬੂ ਕਰਕੇ ਮੁਕੱਦਮਾ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦਰਜ ਕਰ ਲਿਆ। ਪੁਲਿਸ ਵੱਲੋਂ ਦੋਸ਼ੀ ਮਨਪ੍ਰੀਤ ਸਿੰਘ ਤੋਂ ਪੁੱਛ-ਗਿੱਛ ਉਸ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਰਾਜਦੀਪ ਸਿੰਘ ਪੁੱਤਰ ਅਯਾਇਬ ਸਿੰਘ ਆਦਰਸ਼ ਨਗਰ ਸ.ਮ.ਸ ਅਤੇ ਮਨਪ੍ਰੀਤ ਸਿੰਘ (ਨਿੱਕਾ) ਪੁੱਤਰ ਰੁਲਦੂ ਸਿੰਘ ਪਿੱਡ ਮੱਲਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਮਿਲ ਕੇ ਵੱਖ-ਵੱਖ ਥਾਵਾਂ ਤੋਂ ਮੋਟਰ ਸਾਇਕਲ ਚੋਰੀ ਕਰਦੇ ਹਨ। ਉਹਨਾਂ ਦੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਹੋਏ ਮੋਟਰਸਾਇਕਲ ਆਪਣੇ ਘਰ ਵਿੱਚ ਲੁਕਾ ਛੁਪਾ ਕੇ ਰੱਖੇ ਹੋਏ ਹਨ। ਜਿਸ ਤੇ ਦੋਸ਼ੀ ਮਨਪ੍ਰੀਤ ਸਿੰਘ ਉਕਤ ਦੇ ਘਰੋਂ ਚੋਰੀ ਦੇ 09 ਮੋਟਰ ਸਾਈਕਲ (ਕੁੱਲ 10 ਮੋਟਰਸਾਇਕਲ) ਬਰਾਮਦ ਕੀਤੇ ਗਏ ਹਨ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਪੁਲਿਸ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
Author: Malout Live