ਜਿਹਨਾਂ ਵਿਅਕਤੀਆਂ ਨੇ ਦੂਸਰੀ ਡੋਜ਼ ਨਹੀਂ ਲਗਵਾਈ ਉਹ ਦੂਸਰੀ ਡੋਜ਼ ਜਰੂਰ ਲਗਵਾਉਣ- ਜ਼ਿਲ੍ਹਾ ਮੈਜਿਸਟਰੇਟ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ): ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਵਾਇਸ ਦੀ ਰੋਕਥਾਮ ਸੰਬੰਧੀ ਜ਼ਿਲ੍ਹੇ ਦੀ ਹਦੂਦ ਅੰਦਰ ਹਦਾਇਤਾਂ ਅਤੇ ਪਾਬੰਦੀਆਂ ਲਾਗੂ ਕੀਤੀਆਂ ਹਨ, ਜ਼ਿਲ੍ਹਾ ਮੈਜਿਸਟਰੇਟ ਦੇ ਇਸ ਹੁਕਮ ਅਨੁਸਾਰ ਜ਼ਿਲ੍ਹੇ ਦੇ ਸਾਰੇ ਸਿੱਖਿਆ ਸੰਸਥਾਨਾਂ, ਸਰਕਾਰੀ ਪ੍ਰਾਈਵੇਟ ਦਫ਼ਤਰਾਂ, ਇਨਡੋਰ/ਆਊਟਡੋਰ ਇਕੱਠਾਂ, ਮਾਲ, ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਕੋਵਿਡ-19 ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਜਿਵੇਂ ਸਮਾਜਿਕ ਦੂਰੀ, ਖੰਘਣ ਜਾਂ ਛਿੱਕਣ ਕਾਰਨ ਹਵਾ ਰਾਹੀਂ ਕੋਵਿਡ ਸੰਕਰਮਣ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾਣ ਅਤੇ ਜਨਤਕ ਥਾਵਾਂ ਤੇ ਥੁੱਕਣ ਤੋਂ ਪਰਹੇਜ਼ ਕੀਤਾ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਸੰਬੰਧੀ ਲੱਛਣ ਹੁੰਦੇ ਹਨ ਤਾਂ ਉਹ ਤੁਰੰਤ ਆਪਣੀ ਜਾਂਚ ਕਰਵਾਏ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰੇ। ਜ਼ਿਲ੍ਹੇ ਦੀਆਂ ਸਾਰੀਆਂ ਲੈਬਾਰੇਟਰੀਆਂ ਅਤੇ ਕੁਲੈਕਸ਼ਨ ਸੈਂਟਰ ਜਿੱਥੇ ਕੋਵਿਡ-19 ਦਾ ਟੈਸਟ ਕੀਤਾ ਜਾਂਦਾ ਹੈ, ਉਨ੍ਹਾਂ ਵੱਲੋਂ ਇਨ੍ਹਾਂ ਟੈਸਟਾਂ ਦੇ ਨਤੀਜੇ (ਨੈਗਟਿਵ ਅਤੇ ਪੌਜ਼ੀਟਿਵ) ਪੰਜਾਬ ਸਰਕਾਰ ਦੇ ਕੋਵਾ ਪੋਰਟਲ ‘ਤੇ ਅਪਲੋਡ ਕਰਨਗੇ ਅਤੇ ਇਹ ਰਿਪੋਰਟਾਂ ਜ਼ਿਲ੍ਹੇ ਅਤੇ ਸਟੇਟ ਦੇ ਕੋਵਿਡ ਸੈੱਲ ਨੂੰ ਵੀ ਭੇਜਣਗੇ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਅਜੇ ਤੱਕ ਕੋਵਿਡ-19 ਤੋਂ ਬਚਾਅ ਲਈ ਦੂਸਰੀ ਡੋਜ਼ ਨਹੀਂ ਲਗਵਾਈ, ਉਹ ਤੁਰੰਤ ਦੂਸਰੀ ਡੋਜ਼ ਲਗਵਾਉਣ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। Author: Malout Live