ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ

ਮਲੋਟ:- ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਕੋਵਿਡ ਟੀਕਾਕਰਨ ਅੰਮ੍ਰਿਤ ਮਹਾਂਉਤਸਵ ਦੇਸ਼ ਭਰ 'ਚ 15 ਜੁਲਾਈ ਤੋਂ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਕੋਵਿਡ ਟੀਕਾਕਰਨ ਦੀ ਮੁਫ਼ਤ ਬੂਸਟਰ ਖੁਰਾਕ ਦਿੱਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਕੁਲਤਾਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀਆਂ ਹਦਾਇਤਾਂ 'ਤੇ ਬਲਾਕ ਸੀ.ਐੱਚ.ਸੀ ਚੱਕ ਸ਼ੇਰੇਵਾਲਾ ਅਧੀਨ ਕੋਵਿਡ ਟੀਕਾਕਰਨ ਦੀ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਖੁਰਾਕ 60 ਸਾਲ ਤੋਂ ਵੱਧ ਉਮਰ ਦੇ ਲੋਕਾਂ, ਸਿਹਤ ਕਰਮਚਾਰੀਆਂ, ਫਰੰਟ ਲਾਈਨ ਵਰਕਰਾਂ, ਪੁਲਿਸ ਮੁਲਾਜ਼ਮਾਂ ਆਦਿ ਨੂੰ ਪਹਿਲਾਂ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਇਨਫੈਕਸ਼ਨ ਦੇ ਸਰਗਰਮ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸਾਰੇ ਬਾਲਗਾਂ ਨੂੰ ਮੁਫ਼ਤ ਬੂਸਟਰ ਖੁਰਾਕ ਦੇਣ ਦਾ ਫੈਸਲਾ ਕੀਤਾ ਗਿਆ ਹੈ। ਹੁਣ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ, ਜਿਸ ਨੇ 6 ਮਹੀਨੇ ਜਾਂ ਇਸ ਤੋਂ ਪਹਿਲਾਂ ਐਂਟੀ-ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਈ ਸੀ, ਉਹ ਸਿਹਤ ਕੇਂਦਰਾਂ ਵਿੱਚ ਜਾ ਕੇ ਬੂਸਟਰ ਡੋਜ਼ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਹਰੀ ਕੇ ਕਲਾਂ ਸਥਿਤ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾਕਟਰੀ ਟੀਮ ਨੇ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਕੋਵਿਡ ਟੀਕਾਕਰਨ ਕੈਂਪ ਲਗਾਇਆ ਅਤੇ 38 ਬੱਚਿਆਂ ਨੂੰ ਬੂਸਟਰ ਡੋਜ਼ ਲਗਾਈ ਗਈ। ਇਸ ਦੇ ਨਾਲ ਹੀ ਸਿਹਤ ਕੇਂਦਰ ਸੰਗਰਾਣਾ, ਵੜਿੰਗ, ਚੱਕ ਸ਼ੇਰੇ ਵਾਲਾ, ਗੁਲਾਬੇਵਾਲਾ, ਭੰਗੇਵਾਲਾ ਵਿਖੇ ਵੀ ਕੋਵਿਡ ਵੈਕਸੀਨੇਸ਼ਨ ਕੈਂਪ ਲਾਏ ਗਏ। ਇਸ ਮੌਕੇ ਵੱਖ-ਵੱਖ ਸਿਹਤ ਕੇਂਦਰਾਂ ਦਾ ਸਟਾਫ਼, ਏ.ਐੱਨ.ਐੱਮ ਲਖਵਿੰਦਰ ਕੌਰ, ਸਕੂਲ ਸਟਾਫ਼, ਆਸ਼ਾ ਵਰਕਰਾਂ ਅਤੇ ਬੱਚੇ ਹਾਜ਼ਿਰ ਸਨ। Author: Malout Live