ਆਪ ਐੱਮ.ਐੱਲ.ਏ ਨੇ ਲੋਕਾਂ ਨੂੰ ਛੱਡਿਆ ਲਾਵਾਰਿਸ- ਸਾਬਕਾ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ
ਮਲੋਟ:- ਬਾਰਿਸ਼ਾਂ ਤੋਂ ਪਹਿਲਾਂ ਮੁਕੰਮਲ ਬੰਦੋਬਸਤ ਨਾ ਹੋਣ ਕਾਰਨ ਹਲਕਾ ਮਲੋਟ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਚ ਬਰਸਾਤੀ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ, ਪਿੰਡਾਂ ਚ ਹੜ੍ਹ ਦੀ ਸਥਿਤੀ ਬਨਣ ਕਾਰਨ ਜਿੱਥੇ ਹਜ਼ਾਰਾਂ ਏਕੜ ਝੋਨੇ ਤੇ ਨਰਮੇ ਦੀ ਫਸਲ ਖਰਾਬ ਹੋ ਗਈ ਹੈ, ਉੱਥੇ ਹੀ ਘਰਾਂ ਨੂੰ ਭਾਰੀ ਨੁਕਸਾਨ ਹੋਣ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਹਲਕਾ ਮਲੋਟ ਦੇ ਪਿੰਡਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ। ਉਹਨਾਂ ਨੇ ਮੌਕੇ ਤੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਨਿਤ ਕੁਮਾਰ ਨੂੰ ਜਲਦ ਤੋਂ ਜਲਦ ਪਿੰਡਾਂ ਚ ਬੇ-ਘਰ ਹੋਏ ਲੋਕਾਂ ਲਈ ਰਾਹਤ ਕਾਰਜ ਸ਼ੁਰੂ ਕਰਨ ਲਈ ਕਿਹਾ ਅਤੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 35000 ਰੁਪਏ ਪ੍ਰਤੀ ਏਕੜ ਅਤੇ ਨੁਕਸਾਨੇ ਘਰਾਂ ਦਾ ਬਣਦਾ ਮੁਆਵਜਾ ਜਾਰੀ ਕਰਨ ਬਾਰੇ ਕਿਹਾ।
ਪ੍ਰੋ. ਰੂਬੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਭਾਰੀ ਬਹੁਮਤ ਨਾਲ ਸੱਤਾ ਵਿੱਚ ਲੈ ਕੇ ਆਏ ਸਨ, ਜੋ ਕਿ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਇਕ ਪਾਸੇ ਹੜ੍ਹ ਜਿਹੇ ਹਾਲਾਤਾਂ ਨੇ ਲੋਕਾਂ ਦੇ ਜਨਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ, ਦੂਜੇ ਪਾਸੇ ਹਲਕਾ ਦੀ ਆਪ ਐੱਮ.ਐੱਲ.ਏ ਹਲਕੇ ਨੂੰ ਲਾਵਾਰਿਸ ਛੱਡ ਗਏ ਹਨ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨਾਲ ਜੁੜੀ ਪਾਰਟੀ ਹੈ। ਉਹਨਾਂ ਵੱਲੋਂ ਬੇ-ਘਰ ਹੋਏ ਲੋਕਾਂ ਅਤੇ ਕਿਸਾਨਾਂ ਤੱਕ ਪਹੁੰਚ ਕੀਤੀ ਗਈ ਹੈ। ਸਾਰੇ ਪਿੰਡਾਂ ਚ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ, ਤਾਂ ਜੋ ਲੋਕਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਆਪ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਚ ਦੇਰੀ ਕੀਤੀ ਗਈ ਤਾਂ, ਜਿਲ੍ਹਾ ਪ੍ਰਸ਼ਾਸਨ ਨੂੰ ਘੇਰਿਆ ਜਾਵੇਗਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਾਰਫਤ ਵਿਧਾਨ ਸਭਾ ਵਿੱਚ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ। Author: Malout Live