ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਰਾਵਣਰੂਪੀ ਪੁਤਲਾ

ਮਲੋਟ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਸਮੁੱਚੇ ਪੰਜਾਬ ਵਿੱਚ ਬਦੀ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ। ਪੰਜਾਬ ਸਰਕਾਰ ਦੇ ਰਾਵਣਰੂਪੀ ਪੁਤਲੇ ਫੂਕਣ ਦੇ ਸੰਘਰਸ਼ ਪ੍ਰੋਗਰਾਮ ਤਹਿਤ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਮੇਤ (ਮਲੋਟ) ਰੋਸ ਰੈਲੀ/ਮਾਰਚ/ਮੁਜ਼ਾਹਰਾ ਕਰਨ ਉਪਰੰਤ ਪੰਜਾਬ ਸਰਕਾਰ ਦਾ ਰਾਵਣਰੂਪੀ ਪੁਤਲਾ ਫੂਕਿਆ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਮੋਰਚੇ ਦੇ ਡਿਵੀਜਨ ਪ੍ਰਧਾਨ ਰਣਜੀਤ ਸਿੰਘ, ਨੇ ਕਿਹਾ ਕਿ ਬਿਨਾਂ ਸ਼ੱਕ ਇਤਿਹਾਸ ਵਿੱਚ ਰਾਵਣ ਨੂੰ ਬਦੀ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ ਅਤੇ ਦੁਸਹਿਰੇ ਦੇ ਦਿਨ ਰਾਵਣ ਦਾ ਦਿਓਕੱਦ ਪੁਤਲਾ ਫੂਕ ਕੇ ਲੋਕਾਂ ਨੂੰ ਖੁਸ਼ੀਆਂ ਮਨਾਉਣ ਦਾ ਸੰਦੇਸ਼ ਦੇ ਕੇ ਕਿਹਾ ਜਾਂਦਾ ਹੈ ਕਿ ਹੁਣ ਬਦੀ ਖ਼ਤਮ ਹੋ ਚੁੱਕੀ ਹੈ ਪਰ ਸੱਚ ਇਹ ਹੈ ਕਿ ਲੋਕਾਂ ਦੀਆਂ ਧੀਆਂ-ਭੈਣਾਂ ਅੱਜ ਵੀ ਅਗਵਾ ਹੁੰਦੀਆਂ ਹਨ, ਉਹਨਾਂ ਨਾਲ਼ ਜ਼ਬਰ-ਜਿਨਾਹ ਹੁੰਦਾ ਹੈ ਅਤੇ ਉਹਨਾਂ ਦਾ ਕਤਲ ਵੀ ਹੁੰਦਾ ਹੈ ਅਤੇ ਇਸ ਤੋਂ ਵੀ ਅੱਗੇ ਦੇਸ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਾਰੇ ਪੈਦਾਵਾਰੀ ਸਰੋਤਾਂ ਨੂੰ ਦੇਸੀ ਅਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਸਤੀਆਂ ਸਹੂਲਤਾਂ ਦੇਣ ਵਾਲੇ ਸਮੂਹ ਸੇਵਾਵਾਂ ਦੇ ਅਦਾਰਿਆਂ ਬਿਜਲੀ,

ਪਾਣੀ, ਸਿਹਤ, ਸਿੱਖਿਆ ਅਤੇ ਆਵਾਜਾਈ ਆਦਿ ਦਾ ਨਿੱਜੀਕਰਨ ਕਰਕੇ ਲੋਕਾਂ ਤੋਂ ਰੁਜ਼ਗਾਰ ਅਤੇ ਸਸਤੀਆਂ ਸਹੂਲਤਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਕਿਰਤੀ ਲੋਕਾਂ ਵੱਲੋਂ ਹਜਾਰਾਂ ਜਾਨਾਂ ਕੁਰਬਾਨ ਕਰਕੇ ਪ੍ਰਾਪਤ ਕੀਤੇ ਹੱਕ ਅੱਠ ਘੰਟੇ ਦੀ ਕੰਮ ਦਿਹਾੜੀ ਨੂੰ ਬਾਰਾਂ ਘੰਟੇ ਦੀ ਕੰਮ ਦਿਹਾੜੀ ਕਰਕੇ ਕਿਰਤੀ ਲੋਕਾਂ ਨੂੰ ਇੱਕ ਵਾਰ ਬੰਧੂਆ ਮਜ਼ਦੂਰੀ ਵੱਲ ਧੱਕਿਆ ਜਾ ਰਿਹਾ ਹੈ। ਜਦੋਂ ਸਰਕਾਰਾਂ ਦੇ ਇਹਨਾਂ ਹੱਲਿਆਂ ਨੂੰ ਰੋਕਣ ਲਈ ਸੰਘਰਸ਼ ਕੀਤਾ ਜਾਂਦਾ ਹੈ ਤਾਂ ਸਰਕਾਰਾਂ ਵੱਲੋਂ ਐਸਮਾਂ/ਯੂਏਪੀਏ ਜਿਹੇ ਕਾਲੇ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਅਤੇ ਲੋਕਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਕਿਰਤੀ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੂੰ ਬਿਨਾਂ ਕਿਸੇ ਗੁਨਾਹ ਤੋਂ ਜੇਲੀਂ ਡੱਕਿਆ ਜਾਂਦਾ ਹੈ। ਮੁੱਖ ਮੰਤਰੀ ਪੰਜਾਬ ਵੱਲੋਂ "ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੀ ਸੂਬਾ ਕਮੇਟੀ ਨੂੰ ਅਠਾਰਾਂ ਵਾਰ ਪੈਨਲ ਮੀਟਿੰਗਾਂ ਕਰਨ ਦੇ ਲਿਖਤੀ ਭਰੋਸੇ ਦੇਣ ਦੇ ਬਾਵਜੂਦ ਸੂਬਾ ਕਮੇਟੀ ਨਾਲ਼ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ, ਆਗੂਆਂ ਨੇ ਕਿਹਾ ਕਿ ਬਿਨਾਂ ਸ਼ੱਕ ਰਾਵਣ ਮਰ ਚੁੱਕਿਆ ਹੈ ਪਰ ਬਦੀ ਜਿਓਂ ਦੀ ਤਿਉਂ ਅੱਜ ਵੀ ਕਾਇਮ ਹੈ। Author: Malout Live