ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਪੋਜ਼ੀਟਿਵ ਕੇਸਾਂ ਦੀ ਗਿਣਤੀ ਹੋਈ 59- ਡਾ. ਰੰਜੂ ਸਿੰਗਲਾ
ਮਲੋਟ: ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਲੇਰੀਆ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਡਾ.ਰੰਜੂ ਸਿੰਗਲਾ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ ਕੇਸਾਂ ਦੀ ਗਿਣਤੀ ਵੱਧ ਕੇ 59 ਹੋ ਗਈ ਹੈ, ਇਸ ਲਈ ਸਾਨੂੰ ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹਨਾਂ ਦੱਸਿਆ ਕਿ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਡੇਂਗੂ ਕੇਸਾਂ ਦੀ ਗਿਣਤੀ 10, ਮਲੋਟ ਸ਼ਹਿਰ ਵਿੱਚ 19, ਗਿੱਦੜਬਾਹਾ ਵਿੱਚ 13 ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਡੇਂਗੂ ਦੇ 17 ਕੇਸ ਰਿਪੋਰਟ ਹੋਏ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ, ਸ਼ਹਿਰੀ ਖੇਤਰਾਂ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ 10 ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।
ਜੋ ਕਿ ਸ਼ਹਿਰਾਂ ਦੇ ਵੱਖ-ਵੱਖ ਖੇਤਰਾਂ ਅਤੇ ਹਾਈ ਰਿਸਕ ਏਰੀਏ ਜਾ ਕੇ ਲੋਕਾਂ ਨੂੰ ਘਰਾਂ ਵਿੱਚ ਅਤੇ ਘਰਾਂ ਦੇ ਆਸ-ਪਾਸ ਪਾਣੀ ਜਮ੍ਹਾ ਨਾ ਹੋਣ ਸੰਬੰਧੀ ਜਾਣਕਾਰੀ ਦੇ ਰਹੀਆਂ ਹਨ। ਲੋਕਾਂ ਨੂੰ ਡੇਂਗੂ ਪ੍ਰਤੀ ਜਾਣਕਾਰੀ ਦੇਣ ਲਈ ਜਾਗਰੂਕਤਾ ਪੈਂਫਲਿਟ ਵੰਡੇ ਜਾ ਰਹੇ ਹਨ ਅਤੇ ਘਰਾਂ ਵਿੱਚ ਖੜੇ ਪਾਣੀ ਵਿੱਚ ਪੈਦਾ ਹੋ ਰਹੇ ਮੱਛਰਾਂ ਦੇ ਲਾਰਵੇ ਨੂੰ ਮੌਕੇ 'ਤੇ ਨਸ਼ਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਗਵਾਨ ਦਾਸ ਅਤੇ ਲਾਲ ਚੰਦ ਜ਼ਿਲ਼੍ਹਾ ਹੈਲਥ ਇੰਸਪੈਕਟਰ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਅਤੇ ਮਲੇਰੀਆ ਸੰਬੰਧੀ ਕੋਈ ਲੱਛਣ ਨਜ਼ਰ ਆਏ ਤਾਂ ਨੇੜੇ ਦੇ ਸਿਵਲ ਹਸਪਤਾਲ ਵਿੱਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ, ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ ਅਤੇ ਡੇਂਗੂ ਪੋਜ਼ੀਟਿਵ ਆਉਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਸੰਪੂਰਨ ਇਲਾਜ ਕਰਵਾਇਆ ਜਾਵੇ। ਡੇਂਗੂ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। Author: Malout Live