ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ 50 ਹਜ਼ਾਰ ਰੁਪਏ ਦੇ ਕਰਜੇ ਮੁਆਫ ਕਰਨ ਦਾ ਕੀਤਾ ਐਲਾਨ-- ਸਪਨਾ ਬਾਂਸਲ

ਸ੍ਰੀ ਮੁਕਤਸਰ ਸਾਹਿਬ:- ਸ੍ਰੀਮਤੀ ਸਪਨਾ ਬਾਂਸਲ ਜਿ਼ਲ੍ਹਾ ਮੈਨੇਜਰ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਜਾਦੀ ਦਿਵਸ ਮੌਕੇ ਕਾਰਪੋਰੇਸ਼ਨ ਪਾਸੋਂ 31 ਮਾਰਚ 2021 ਤੱਕ ਕਰਜਾ ਲੈਣ ਵਾਲੇ ਸਮੂਹ ਕਰਜਦਾਰਾਂ ਦਾ 50 ਹਜ਼ਾਰ ਰੁ: ਤੱਕ ਦਾ ਕਰਜਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦਿਆ ਉਹਨਾ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ: ਮੋਹਨ ਲਾਲ ਸੂਦ ਅਨੁਸਾਰ ਲੱਗਭੱਗ 10151 ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਰਜਦਾਰਾਂ ਨੂੰ 41.48 ਕਰੋੜ ਰੁ: ਦੀ ਵੱਡੀ ਰਾਹਤ ਮਿਲੇਗੀ ਅਤੇ ਮੁੱਖ ਮੰਤਰੀ, ਪੰਜਾਬ ਵਲੋਂ ਕੀਤੇ ਇਸ ਐਲਾਨ ਦਾ ਚੇਅਰਮੈਨ, ਇੰਜ: ਸੂਦ ਵਲੋਂ ਸਵਾਗਤ ਕੀਤਾ ਗਿਆ ਅਤੇ ਇਹ ਲੋਕ ਪੱਖੀ ਫੈਸਲਾ ਲੈਣ ਤੇ ਧੰਨਵਾਦ ਵੀ ਕੀਤਾ ਗਿਆ। ਪੰਜਾਬ ਸਰਕਾਰ ਵਲੋਂ ਕਾਰਪੋਰੇਸ਼ਨ ਪਾਸੋਂ 50 ਹਜ਼ਾਰ ਤੱਕ ਦਾ ਕਰਜਾ ਪ੍ਰਾਪਤ ਕਰਨ ਵਾਲੇ ਕਰਜਦਾਰਾਂ ਦਾ ਕਰਜਾ ਮੁਆਫ ਕਰਕੇ 14,260 ਕਰਜਾਦਾਰਾਂ ਨੂੰ 45.41 ਕਰੋੜ ਰੁ: ਦੀ ਭਾਰੀ ਰਾਹਤ ਦਿੱਤੀ ਗਈ ਸੀ। ਇਸ ਪ੍ਰਕਾਰ ਕੈਪਟਨ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਨੂੰ ਆਪਣੇ ਮੌਜੂਦਾ ਕਾਰਜਕਾਲ ਦੌਰਾਨ 86.89 ਕਰੋੜ ਰੁਪਏ ਦੇ ਕਰਜੇ ਮੁਆਫ ਕਰਕੇ ਬਹੁਤ ਵੱਡੀ ਰਾਹਤ ਦਿੱਤੀ ਹੈ ਜਿਸ ਲਈ ਉਹ ਕੈਪਟਨ ਸਾਹਿਬ ਦੇ ਸ਼ੁਕਰਗੁਜਾਰ ਹਨ। ਇਸ ਫੈਸਲੇ ਨਾਲ ਦਲਿਤ ਸਮਾਜ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ  ਅਨੁਸੂਚਿਤ ਜਾਤੀਆਂ ਦੇ ਗਰੀਬ ਲੋਕਾਂ ਨੂੰ ਕੇਵਲ ਕਰਜੇ ਮੁਆਫੀ ਨਾਲ ਰਾਹਤ ਹੀ ਨਹੀਂ ਦਿੱਤੀ ਬਲਕਿ ਪੰਜਾਬ ਸਰਕਾਰ ਦੇ ਘਰ ਘਰ ਰੁਜਗਾਰ ਮੁਹੱਈਆਂ ਕਰਨ ਦੇ ਪ੍ਰਮੁੱਖ ਪ੍ਰੋਗਰਾਮ ਅਧੀਨ ਅਨੁਸੂਚਿਤ ਜਾਤੀਆਂ ਦੇ ਗਰੀਬ ਲਾਭਪਾਤਰੀਆਂ ਨੂੰ ਸਵੈ ਰੁਜਗਾਰ ਸ਼ੁਰੂ ਕਰਨ ਦੇ ਮੰਤਵ ਨਾਲ ਕਾਰਪੋਰੇਸ਼ਨ ਦੀਆਂ ਵੱਖ ਵੱਖ ਸਕੀਮਾਂ ਸਾਲ 2019-20 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਰਜਾ ਵੰਡ ਮੁਹਿੰਮ ਦੌਰਾਨ 1779 ਲਾਭਪਾਤਰੀਆਂ ਨੂੰ 15.35 ਕਰੋੜ ਰੁਪਏ ਦਾ ਕਰਜਾ (ਸਮੇਤ 1.35 ਕਰੋੜ ਰੁ: ਦੀ ਸਬਸਿਡੀ) ਦੇ ਕੇ ਵੱਡੀ ਉਪਲੱਬਧੀ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਕਾਰਨ ਲਾਕਡਾਊਨ ਹੋਣ ਦੇ ਬਾਵਜੂਦ ਵੀ ਸਾਲ 2020-21 ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਹਿੰਮ ਅਧੀਨ 2116 ਲਾਭਪਾਤਰੀਆਂ ਨੂੰ 22.94 ਕਰੋੜ ਦਾ ਕਰਜਾ (ਸਮੇਤ 1.65 ਕਰੋੜ ਰੁ: ਦੀ ਸਬਸਿਡੀ) ਵੰਡ ਕੇ ਇਕ ਨਵਾਂ ਮੁਕਾਮ ਹਾਸਲ ਕੀਤਾ ਗਿਆ। ਸਪਨਾ ਬਾਂਸਲ ਨੇ ਦੱਸਿਆ ਕਿ  ਮੌਜੂਦਾ ਵਿੱਤੀ ਸਾਲ ਦੌਰਾਨ ਕਾਰਪੋਰੇਸ਼ਨ ਆਪਣੀ ਸਥਾਪਨਾ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਵਰ੍ਹੇ ਦੇ ਤੌਰ ਤੇ ਮਨਾ ਰਹੀ ਹੈ ਅਤੇ ਇਸ ਇਤਿਹਾਸਕ ਸਾਲ ਦੌਰਾਨ ਕਾਰਪੋਰੇਸ਼ਨ ਦੀ ਮੁੱਖ ਸਿੱਧਾ ਕਰਜਾ ਸਕੀਮ ਅਧੀਨ ਕਰਜੇ ਵੰਡਣ ਦਾ ਟੀਚਾ 500.00 ਲੱਖ ਰੁ: ਤੋਂ ਵਧਾ ਕੇ 1000.00 ਲੱਖ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਆਯੋਜਿਤ ਕਰਕੇ ਕਰਜਦਾਰਾਂ ਨੂੰ ਕਰਜਿਆਂ ਦੇ ਮੰਨਜੂਰੀ ਪੱਤਰ ਵੰਡੇ ਜਾ ਰਹੇ ਹਨ ਇਨਾਂ ਪ੍ਰੋਗਰਾਮਾਂ ਦੀ ਲੜੀ ਵਿਚ ਮੁੱਲਾਂਪੁਰ ਦਾਖਾ, ਬੰਗਾ, ਅੰਮ੍ਰਿਤਸਰ ਅਤੇ ਰੋਪੜ ਵਿਖੇ ਪ੍ਰੋਗਰਾਮ ਵੀ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਇਸੇ ਤਰਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ।