ਸੀ.ਐੱਚ.ਸੀ ਲੰਬੀ ਵਿਖੇ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ
ਮਲੋਟ(ਲੰਬੀ):- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਐੱਸ.ਐੱਮ.ਓ ਲੰਬੀ ਡਾ. ਪਵਨ ਮਿੱਤਲ ਦੀ ਅਗਵਾਈ ਹੇਠ ਅੱਜ ਸੀ.ਐੱਚ.ਸੀ ਲੰਬੀ ਵਿਖੇ ਵਿਸ਼ਵ ਸਿਹਤ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਇਸ ਦਿਨ 1948 ਵਿੱਚ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ ਅਤੇ 1950 ਦੇ ਵਿੱਚ ਇਸ ਸੰਸਥਾ ਵੱਲੋਂ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਸਾਲ ਇਸ ਦਿਨ ਦਾ ਥੀਮ ਹੈ 'ਸਾਡਾ ਗ੍ਰਹਿ, ਸਾਡੀ ਸਿਹਤ' ਭਾਵ ਸਾਡੇ ਗ੍ਰਹਿ ਧਰਤੀ ਦੀ ਸਿਹਤ ਦੇ ਨਾਲ ਹੀ ਸਾਡੀ ਸਿਹਤ ਜੁੜੀ ਹੋਈ ਹੈ। ਜੇ ਇਹ ਧਰਤੀ ਪ੍ਰਦੂਸ਼ਣ ਮੁਕਤ ਹੋਵੇਗੀ
ਤੇ ਮਨੁੱਖ ਸਿਆਣਪ ਨਾਲ ਇੱਥੇ ਰਹੇਗਾ ਤਾਂ ਹੀ ਸਾਡੀ ਸਿਹਤ ਤੰਦਰੁਸਤ ਰਹਿ ਸਕੇਗੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ. ਸ਼ਕਤੀਪਾਲ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਸਿਹਤ ਸੰਬੰਧੀ ਕਈ ਮਹੱਤਵਪੂਰਨ ਮੁੱਦਿਆਂ ਜਿਵੇਂ ਕਿ ਮੌਸਮੀ ਤਬਦੀਲੀਆਂ, ਮਾਨਸਿਕ ਸਿਹਤ, ਪ੍ਰਦੂਸ਼ਣ ਮੁਕਤ ਵਾਤਾਵਰਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਨਰਸਿੰਗ ਕਾਲਜ ਦੀ ਵਿਦਿਆਰਥਣ ਸੋਮਾ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਅਜੋਕੇ ਜੀਵਨ ਦੀ ਭੱਜ ਦੌੜ, ਪੈਕਟ ਫੂਡ ਪ੍ਰਤੀ ਰੁਝਾਨ, ਮਾਨਸਿਕ ਤਣਾਅ ਅਤੇ ਸਰੀਰਿਕ ਕਸਰਤ ਦੀ ਕਮੀ ਕਾਰਨ ਸਾਨੂੰ ਨਿੱਤ ਨਵੀਆਂ ਬੀਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਸਾਨੂੰ ਆਪਣੇ ਕੁਦਰਤੀ ਵਰਤਾਰੇ ਨੂੰ ਸਾਫ-ਸੁਥਰਾ ਰੱਖਣ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਲੋੜ ਹੈ। ਇਸ ਮੌਕੇ ਅਜੇਸ਼ ਕੁਮਾਰ ਚੀਫ ਫਾਰਮੇਸੀ ਅਫਸਰ, ਐੱਸ.ਆਈ ਪ੍ਰਿਤਪਾਲ ਸਿੰਘ ਤੂਰ, ਸਤਪਾਲ ਸਿੰਘ, ਏ.ਐੱਨ.ਐੱਮ ਅਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਿਰ ਸਨ। Author : Malout Live