ਵਿਸ਼ਵ ਸਿਹਤ ਦਿਵਸ' ਮੌਕੇ ਸਿਵਲ ਹਸਪਤਾਲ ਮਲੋਟ ਵਿਖੇ ਲੋਕਾਂ ਨੂੰ ਸਿਹਤ ਸੰਬੰਧੀ ਕੀਤਾ ਗਿਆ ਜਾਗਰੂਕ
ਮਲੋਟ:- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਸ਼ਮੀਂ ਚਾਵਲਾ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਮਲੋਟ ਵਿਖੇ ਵਿਸ਼ਵ ਸਿਹਤ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰਸ਼ਮੀ ਚਾਵਲਾ ਨੇ ਦੱਸਿਆ ਕਿ ਇਸ ਦਿਨ 1948 ਵਿੱਚ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ ਅਤੇ 1950 ਦੇ ਵਿੱਚ ਇਸ ਸੰਸਥਾ ਵੱਲੋਂ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਸਾਲ
ਇਸ ਦਿਨ ਦਾ ਥੀਮ 'ਸਾਡਾ ਗ੍ਰਹਿ, ਸਾਡੀ ਸਿਹਤ' ਭਾਵ ਸਾਡੇ ਗ੍ਰਹਿ ਧਰਤੀ ਦੀ ਸਿਹਤ ਦੇ ਨਾਲ ਹੀ ਸਾਡੀ ਸਿਹਤ ਜੁੜੀ ਹੋਈ ਹੈ। ਜੇਕਰ ਧਰਤੀ ਪ੍ਰਦੂਸ਼ਣ ਮੁਕਤ ਹੋਵੇਗੀ ਅਤੇ ਮਨੁੱਖ ਸਿਆਣਪ ਨਾਲ ਇੱਥੇ ਰਹੇਗਾ ਤਾਂ ਹੀ ਸਾਡੀ ਸਿਹਤ ਤੰਦਰੁਸਤ ਰਹਿ ਸਕੇਗੀ। ਇਸ ਸਮੇਂ ਸਵਰਨਜੀਤ ਕੌਰ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਸਿਹਤ ਸੰਬੰਧੀ ਕਈ ਮਹੱਤਵਪੂਰਨ ਮੁੱਦਿਆਂ ਜਿਵੇਂ ਕਿ ਮੌਸਮੀ ਤਬਦੀਲੀਆਂ, ਮਾਨਸਿਕ ਸਿਹਤ, ਪ੍ਰਦੂਸ਼ਣ ਮੁਕਤ ਵਾਤਾਵਰਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਸੁਖਨਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਜੀਵਨ ਦੀ ਭੱਜ ਦੌੜ, ਪੈਕਟ ਫੂਡ ਪ੍ਰਤੀ ਰੁਝਾਨ, ਮਾਨਸਿਕ ਤਣਾਅ ਅਤੇ ਸਰੀਰਿਕ ਕਸਰਤ ਦੀ ਕਮੀ ਕਾਰਨ ਸਾਨੂੰ ਨਿੱਤ ਨਵੀਆਂ ਬੀਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਸਾਨੂੰ ਆਪਣੇ ਕੁਦਰਤੀ ਵਰਤਾਰੇ ਨੂੰ ਸਾਫ ਸੁਥਰਾ ਰੱਖਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਲੋੜ ਹੈ। ਇਸ ਮੌਕੇ ਡਾ. ਰਮਨਦੀਪ ਕੌਰ, ਹਰਜੀਤ ਸਿੰਘ ਐੱਸ.ਆਈ, ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਥਾਣਾ ਸਿੰਘ, ਸਮੂਹ ਏ.ਐੱਨ.ਐੱਮ ਅਤੇ ਨਰਸਿੰਗ ਸਟਾਫ਼ ਵੀ ਹਾਜ਼ਿਰ ਸਨ। Author : Malout Live