6 ਜੁਲਾਈ ਨੂੰ ਜਲੰਧਰ ਰੈਲੀ ਵਿੱਚ ਪੰਜਾਬ ਦੇ 110 ਬਲਾਕਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੀ.ਐੱਚ.ਓ ਕਰਨਗੇ ਸ਼ਮੂਲੀਅਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਮਿਊਨਟੀ ਹੈੱਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ 6 ਜੁਲਾਈ ਨੂੰ ਜਲੰਧਰ ਵਿੱਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਉਨ੍ਹਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸੀ.ਐੱਚ.ਓ ਇਸ ਰੈਲੀ ਵਿੱਚ ਭਾਗ ਲੈਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਮਜੂਦਾ ਤਨਖ਼ਾਹ ਵਿੱਚ 5000/- ਰੁਪਏ ਦਾ ਵਾਧਾ ਕਰੇ ਅਤੇ ਉਨ੍ਹਾਂ ਦਾ ਪਿੱਛਲੇ 5 ਸਾਲ ਦਾ ਬਕਾਇਆ ਜਾਰੀ ਕਰੇ।

ਐੱਨ.ਐੱਚ.ਐੱਮ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਂਗੂ ਸਿਹਤ ਬੀਮਾ ਦੇਵੇ। 3 ਸਾਲ ਅਤੇ 5 ਸਾਲ ਵਾਲਾ ਲੋਇਲਟੀ ਬੋਨਸ ਜਾਰੀ ਕਰੇ ਅਤੇ ਜੋ ਨਵਾਂ ਇਨਸੈਂਟਿਵ ਪਰਫਾਰਮਾ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਉਸ ਨੂੰ ਬਿਨ੍ਹਾਂ ਸ਼ਰਤ ਵਾਪਿਸ ਲਵੇ। ਆਗੂਆਂ ਵੱਲੋਂ ਦੱਸਿਆ ਗਿਆ ਕਿ ਆਪਣੀਆਂ ਉਕਤ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਬਹੁਤ ਵਾਰ ਮੀਟਿੰਗ ਕੀਤੀ ਗਈ ਪਰ ਕਿਸੇ ਵੱਲੋਂ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ, ਜਿਸ ਤੋਂ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਚੁਣਨਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨਾਲ ਵੱਖ-ਵੱਖ ਹਲਕਿਆਂ ਤੋਂ ਕਈ ਸੀ.ਐੱਚ.ਓ ਸਟਾਫ਼ ਮੈਂਬਰ ਹਾਜ਼ਿਰ ਸਨ। Author : Malout Live