ਜ਼ਿਲ੍ਹਾ ਪੰਚਾਇਤ ਸਮੂਹ ਬਲਾਕ ਸੰਮਤੀਆਂ ਅਤੇ ਸਮੂਹ ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਸਭਾ ਇਜਲਾਸ ਸੁਚਾਰੂ ਢੰਗ ਨਾਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਅਹਿਮ ਮੀਟਿੰਗ

,

ਮਲੋਟ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੰਚਾਇਤ ਸਮੂਹ ਬਲਾਕ ਸੰਮਤੀਆਂ ਅਤੇ ਸਮੂਹ ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਸਭਾ ਇਜਲਾਸ ਸੁਚਾਰੂ ਢੰਗ ਨਾਲ ਕਰਵਾਉਣ ਲਈ ਸ਼੍ਰੀ ਵਨੀਤ ਕੁਮਾਰ ਡਿਪਟੀ ਕਮਿਸ਼ਨਰ, ਸ਼੍ਰੀਮਤੀ ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਅਤੇ ਸੁਰਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਪੰਚਾਇਤ ਸਕੱਤਰ ਅਤੇ ਸਮੂਹ ਵਿਭਾਗਾਂ ਦੀ ਟ੍ਰੇਨਿੰਗ ਬੀਤੇ ਦਿਨੀਂ ਮੀਟਿੰਗ ਹਾਲ ਡੀ.ਸੀ. ਕੰਪਲੈਕਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤੀ ਰਾਜ ਮੰਤਰਾਲੇ, ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ‘ਸਾਡੀ ਯੋਜਨਾ ਸਾਡਾ ਵਿਕਾਸ’ ਸਕੀਮ ਅਧੀਨ 2 ਅਕਤੂਬਰ 2022 ਤੋਂ 31 ਜਨਵਰੀ 2023 ਤੱਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਜ਼ਿਲ੍ਹਾ ਪੱਧਰ, ਬਲਾਕ ਪੱਧਰ, ਗ੍ਰਾਮ ਪੰਚਾਇਤ ਪੱਧਰ ਤੇ ਵਿੱਤੀ ਸਾਲ 2023-24 ਲਈ ਪਲਾਨ ਕਰਨ ਲਈ ਗ੍ਰਾਮ ਸਭਾ ਇਜਲਾਸ ਕੀਤੇ ਜਾਣੇ ਹਨ। ਉਹਨਾਂ ਦੱਸਿਆ ਕਿ ਗ੍ਰਾਮ ਸਭਾ ਇਜਲਾਸ ਕਿਸੇ ਵੀ ਗ੍ਰਾਮ ਪੰਚਾਇਤ ਦੇ ਵਿਕਾਸ ਲਈ ਇੱਕ ਮੁਢਲੀ ਸਥਾਈ ਇਕਾਈ ਹੈ। ਇਸ ਦਾ ਪਿੰਡ ਦੇ ਵਿਕਾਸ ਵਿੱਚ ਅਹਿਮ ਰੋਲ ਹੈ। ਇਹ ਟ੍ਰੇਨਿੰਗ ਗੁਰਵਿੰਦਰ ਸਿੰਘ, ਮਾਸਟਰ ਟ੍ਰੇਨਰ, ਪ੍ਰਦੇਸ਼ਿਕ ਦਿਹਾਤੀ ਸੰਸਥਾ, ਮੋਹਾਲੀ ਅਤੇ ਰਾਜਬੀਰ ਸਿੰਘ, ਜਿਲ੍ਹਾ ਪ੍ਰੋਜੈਕਟ ਮੈਨੇਜ਼ਰ, ਈ-ਪੰਚਾਇਤ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦਿੱਤੀ ਗਈ।

ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਸ਼੍ਰੀ ਮੁਕਸਤਰ ਸਾਹਿਬ ਦੇ ਸਮੂਹ ਪੰਚਾਇਤ ਸਕੱਤਰ ਅਤੇ ਵੱਖ-ਵੱਖ ਵਿਭਾਗ ਜਿਵੇਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਮੂਹ ਬੀ.ਡੀ.ਪੀ.ਓ. ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸਿਵਲ ਸਰਜਨ, ਖੇਤੀਬਾੜੀ, ਡੇਅਰੀ ਵਿਭਾਗ, ਮੱਛੀ ਪਾਲਣ, ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ, ਖੇਡਾਂ, ਲੇਬਰ ਵਿਭਾਗ, ਜ਼ਿਲ੍ਹਾ ਰੋਜ਼ਗਾਰ ਬਿਊਰੋ, ਸਕਿੱਲ ਡਿਵੈਲਪਮੈਂਟ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਲੀਡ ਬੈਂਕ ਮੈਨੇਜਰ ਆਦਿ ਵਿਭਾਗ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਵਿਭਾਗਾਂ ਨੂੰ ਹਰ ਇੱਕ ਗ੍ਰਾਮ ਸਭਾ ਇਜਲਾਸ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਆਪਣੇ ਵਿਭਾਗ ਨਾਲ ਸੰਬੰਧਿਤ ਸਕੀਮਾਂ ਬਾਰੇ ਜਾਣਕਾਰੀ ਦੇਣ, ਪਰਾਲੀ ਨਾ ਸਾੜ੍ਹਨ ਲਈ ਗ੍ਰਾਮ ਸਭਾ ਅੰਦਰ ਮਤਾ ਪਾਸ ਕਰਨ ਅਤੇ ਸਮੂਹ ਗ੍ਰਾਮ ਸਭਾ ਇਲਜਾਸਾਂ ਦੀ ਵੀਡੀਓਗ੍ਰਾਫੀ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਨਾਲ ਹੀ ਟਿਕਾਊ ਵਿਕਾਸ ਦੇ 9 ਟੀਚਿਆਂ ਉੱਪਰ ਸੰਕਲਪ ਲੈਣ ਅਤੇ ਇਹਨਾਂ ਟੀਚਿਆਂ ਨੂੰ ਹਾਸਿਲ ਕਰਨ ਲਈ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਗ੍ਰਾਮ ਪੰਚਾਇਤ ਵਿਕਾਸ ਪਲਾਨ (GPDP) ਦਾ ਹਿੱਸਾ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਹ ਇਜਲਾਸ ਮਿਤੀ 15 ਨਵੰਬਰ 2022 ਤੋਂ 31 ਦਸੰਬਰ 2022 ਤੱਕ ਕੀਤੇ ਜਾਣਗੇ ਅਤੇ ਇਸ ਉਪਰੰਤ ਤਿਆਰ ਕੀਤੇ ਪਲਾਨ 31 ਜਨਵਰੀ 2023 ਤੱਕ ਭਾਰਤ ਸਰਕਾਰ ਦੇ ਪੋਰਟਲ https://egramswaraj.gov.in/ ਉੱਪਰ ਅਪਲੋਡ ਕੀਤੇ ਜਾਣੇ ਹਨ। Author: Malout Live