ਸ. ਕੰਵਰਜੀਤ ਸਿੰਘ ਉਪਮੰਡਲ ਮੈਜਿਸਟਰੇਟ ਵੱਲੋਂ ਬਲਾਕ ਪੱਧਰ ਅਤੇ ਬਾਲ ਸੁਰੱਖਿਆ ਕੰਮਾਂ ਦੀ ਸਮੀਖਿਆ ਲਈ ਕੀਤੀ ਗਈ ਮੀਟਿੰਗ

ਮਲੋਟ: ਸ. ਕੰਵਰਜੀਤ ਸਿੰਘ ਉਪਮੰਡਲ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਬਲਾਕ ਪੱਧਰੀ ਅਤੇ ਬਾਲ ਸੁਰੱਖਿਆ ਕੰਮਾਂ ਦੀ ਸਮੀਖਿਆ ਲਈ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਬਲਾਕ ਸ਼੍ਰੀ ਮੁਕਤਸਰ ਸਾਹਿਬ ਵਿੱਚ ਬਾਲ ਵਿਆਹ ਹੋ ਰਹੇ ਹਨ। ਉਪਮੰਡਲ ਮੈਜਿਸਟਰੇਟ ਵੱਲੋਂ ਕਿਹਾ ਗਿਆ ਕਿ ਪਿੰਡ ਪੱਧਰ ਅਤੇ ਬਲਾਕ ਪੱਧਰ 'ਤੇ ਆਮ ਜਨਤਾ ਨੂੰ ਵੱਧ ਤੋ ਵੱਧ ਜਾਗੂਰਕ ਕੀਤਾ ਜਾਵੇ। ਜੇਕਰ ਮੌਕੇ 'ਤੇ ਹੀ ਬਾਲ ਵਿਆਹ ਸੰਬੰਧੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਮੌਕੇ 'ਤੇ ਹੀ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। ਉਹਨਾਂ ਸੰਬੰਧਿਤ ਵਿਭਾਗਾਂ ਨੂੰ ਕਿਹਾ ਕਿ ਜੇਕਰ ਕੋਈ ਬੱਚਾ ਮਜੂਦਰੀ ਜਾਂ ਭੀਖ ਮੰਗਦਾ ਪਾਇਆ ਜਾਂਦਾ ਹੈ ਤਾਂ ਮੌਕੇ 'ਤੇ ਹੀ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਇਸ ਦੌਰਾਨ ਸਿੱਖਿਆ ਵਿਭਾਗ ਨੂੰ ਹਦਾਇਤ ਦਿੱਤੀ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ ਅਤੇ ਹਰ ਬੱਚੇ ਦਾ ਸਕੂਲ ਵਿੱਚ ਦਾਖ਼ਲਾ ਸੂਨਿਸਚਿਤ ਕੀਤਾ ਜਾਵੇ।

ਮੀਟਿੰਗ ਦੌਰਾਨ ਉਹਨਾਂ ਅੱਗੇ ਕਿਹਾ ਕਿ ਪੋਕਸੋ ਐਕਟ ਤਹਿਤ ਹਰ ਸਕੂਲ ਦੇ ਵਿੱਚ ਇੱਕ ਨੋਡਲ ਅਧਿਆਪਕ ਨਿਯੁਕਤ ਕੀਤਾ ਜਾਵੇ ਤਾਂ ਜੋ ਪੋਕਸੋ ਐਕਟ ਸੰਬੰਧੀ ਸਕੂਲ ਪੱਧਰ 'ਤੇ ਹੀ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ। ਸਕੂਲ ਵਿੱਚ ਨਿਯੁਕਤ ਨੋਡਲ ਅਧਿਆਪਕ ਗੁੱਡ ਟੱਚ, ਬੈਡ ਟੱਚ ਬਾਰੇ ਵਿਸਥਾਰ ਪੂਰਵਕ ਦੱਸੇਗਾ ਅਤੇ ਚਾਈਲਡ ਹੈਲਪਲਾਈਨ ਨੰ. 1098 ਬਾਰੇ ਵੀ ਬੱਚਿਆਂ ਨੂੰ ਜਾਗਰੂਕ ਕਰੇਗਾ ਤਾਂ ਜੋ ਬੱਚਿਆਂ ਨਾਲ ਹੋਣ ਵਾਲੀਆਂ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਪਿੰਡ ਪੱਧਰੀ ਅਤੇ ਬਲਾਕ ਪੱਧਰੀ ਬਾਲ ਸੁਰੱਖਿਆਂ ਕਮੇਟੀਆਂ ਬਾਰੇ ਵੱਧ ਤੋ ਵੱਧ ਆਮ ਜਨਤਾ ਨੂੰ ਜਾਣੂੰ ਕਰਵਾਇਆ ਜਾਵੇ। ਇਸ ਮੌਕੇ ਸਤਵੰਤ ਕੌਰ ਬਾਲ ਵਿਕਾਸ ਅਤੇ ਪੋਜੈਕਟ ਅਫ਼ਸਰ, ਜਸਵਿੰਦਰ ਸਿੰਘ ਨੁਮਾਇੰਦਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਸਰਵਰਿੰਦਰ ਸਿੰਘ ਚੇਅਰਪਰਸਨ, ਬਾਲ ਭਲਾਈ ਕਮੇਟੀ, ਲਵਪ੍ਰੀਤ ਕੌਰ ਲੇਬਰ ਇੰਨਫੋਰਸਮੈਂਟ ਅਫ਼ਸਰ , ਡਾ ਨਵਰੋਜ ਗੋਇਲ ਮੈਡੀਕਲ ਅਫ਼ਸਰ, ਰਾਜਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਜਗਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਪੁਸ਼ਪਾ ਰਾਣੀ ਸਬ-ਇੰਸਪੈਕਟਰ ਮੌਜੂਦ ਸਨ। Author: Malout Live