ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਤੇ ਪੰਜਾਬ ਕੈਬਨਿਟ ਦਾ ਵੱਡਾ ਫੈਂਸਲਾ
ਮਲੋਟ (ਪੰਜਾਬ): ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਆਖਿਆ ਹੈ ਕਿ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਅਮੈਂਡਮੈਂਟ ਐਕਟ 2023 ਲਿਆਉਣ ਜਾ ਰਹੀ ਹੈ। ਜਿਸ ਵਿੱਚ ਇਹ ਸਾਫ ਆਖਿਆ ਗਿਆ ਹੈ ਕਿ ਮਨੁੱਖਤਾ ਦੀ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪ੍ਰਸਾਰਣ ਜਨਤਾ ਲਈ ਪੂਰੀ ਤਰ੍ਹਾਂ ਮੁਫਤ ਉਪਲੱਬਧ ਹੋਵੇਗਾ। ਇਹ ਐਕਟ ਇਹ ਕਹਿੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਿਸ਼ਚਿਤ ਕਰੇ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸਭਨਾਂ ਲਈ ਫ੍ਰੀ ਹੋਵੇ।
ਇਸ ਐਕਟ ਤਹਿਤ ਗੁਰਬਾਣੀ ਦੇ ਪ੍ਰਸਾਰਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ ਵਿੱਚ ਕੋਈ ਕਮਰਸ਼ੀਅਲ ਐਡ ਚੈਨਲ ’ਤੇ ਨਹੀਂ ਆਵੇਗੀ ਅਤੇ ਨਾ ਹੋਈ ਕੋਈ ਸਕ੍ਰੀਨ ’ਤੇ ਹੇਠਾਂ ਕੋਈ ਰਨਿੰਗ ਐਡ ਚੱਲੇਗੀ। ਜੇ ਕਿਸੇ ਨੇ ਇਹ ਨਿਯਮ ਤੋੜਿਆ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਗੁਰਬਾਣੀ ਨੂੰ ਰੇਡੀਓ ’ਤੇ ਵੀ ਲੈ ਕੇ ਆਵਾਂਗੇ। ਕੈਨੇਡਾ-ਅਮਰੀਕਾ ਵਿੱਚ ਟਰੱਕ ਡਰਾਈਵਰ ਰੇਡੀਓ ’ਤੇ ਵੀ ਗੁਰਬਾਣੀ ਸੁਣ ਸਕਣਗੇ। ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਹੱਕ ਕਿਸੇ ਇਕ ਚੈੱਨਲ ਕੋਲ ਨਾ ਹੋ ਕੇ ਸਗੋਂ ਸਾਰਿਆਂ ਚੈੱਨਲਾਂ ਕੋਲ ਹੋਵੇਗਾ। Author: Malout Live