ਕੋਵਿਡ-19 ਟੈਸਟ ਕਰਵਾਉਣ ਵਿੱਚ ਦੇਰੀ ਨਾ ਕੀਤੀ ਜਾਵੇ: ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ
,
ਸ੍ਰੀ ਮੁਕਤਸਰ ਸਾਹਿਬ :- ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਸਮੂਹ ਪ੍ਰੋਗ੍ਰਾਮ ਅਫ਼ਸਰਾਂ ਅਤੇ ਸਟਾਫ਼ ਦੀ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਆਮ ਲੋਕਾਂ ਵਿੱਚ ਕੋਵਿਡ-19 ਦੇ ਲੱਛਣ ਆਉਣ ਤੇ ਜਲਦੀ ਟੈਸਟ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਵੱਡਾ ਤਰੀਕਾ ਜਲਦੀ ਟੈਸਟਿੰਗ ਹੈ। ਇਸ ਲਈ ਕੋਰੋਨਾ ਦਾ ਕੋਈ ਵੀ ਲੱਛਣ ਆਵੇ ਤਾਂ ਟੈਸਟ ਕਰਵਾਉਣ ਵਿੱਚ ਦੇਰੀ ਨਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਮੌਜੂਦਾ ਦਿਨਾਂ ਵਿੱਚ ਕੋਰੋਨਾਂ ਵਾਇਰਸ ਦੇ ਟੈਸਟ ਲਈ ਜੋ ਵਿਅਕਤੀ ਆਉਂਦੇ ਹਨ ਉਹਨਾਂ ਨੂੰ ਬੁਖਾਰ, ਖੰਘ, ਜੁਕਾਮ ਆਦਿ ਜ਼ਿਆਦਾ ਵਿਗੜ ਚੁੱਕਿਆ ਹੁੰਦਾ ਹੈ ਜਾਂ ਸਾਹ ਲੈਣ ਵਿੱਚ ਮੁਸ਼ਕਿਲ ਆ ਜਾਂਦੀ ਹੈ, ਕਈਆਂ ਨੂੰ ਹੋਰ ਬਿਮਾਰੀਆਂ, ਜਿਵੇਂ ਦਿਲ ਦੀ ਬਿਮਾਰੀ, ਗੁਰਦਿਆਂ ਦੀ ਬਿਮਾਰੀ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ ਹੁੰਦੀਆਂ ਹਨ।
ਅਜਿਹੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਹਾਲਤ ਜ਼ਿਆਦਾ ਵਿਗੜ ਜਾਂਦੀ ਹੈ, ਕਿਉਂਕਿ ਉਹ ਸਮਾਂ ਰਹਿੰਦੇ ਟੈਸਟ ਨਹੀਂ ਕਰਵਾਉਂਦੇ। ਕਈ ਵਾਰ ਮਰੀਜ਼ ਖਾਂਸੀ, ਜੁਕਾਮ ਜਾਂ ਬੁਖਾਰ ਨੂੰ ਮੌਸਮੀ ਸਮਝਦੇ ਹੋਏ ਆਪਣਾ ਇਲਾਜ ਘਰੇਲੂ ਨੁਸਖੇ ਨਾਲ ਕਰਦੇ ਹਨ ਜਾਂ ਹੋਰ ਕਿਤੇ ਅਣਜਾਣ ਤੋਂ ਇਲਾਜ ਕਰਵਾ ਰਹੇ ਹੁੰਦੇ ਹਨ ਅਤੇ ਉਸ ਸਮੇਂ ਤੱਕ ਤਕਲੀਫ਼ ਵੱਧ ਜਾਂਦੀ ਹੈ। ਇਸ ਕਰਕੇ ਕੁਝ ਮਰੀਜਾਂ ਦੀ ਗੰਭੀਰ ਹਾਲਤ ਹੋਣ ਕਾਰਨ ਉਹਨਾਂ ਦੀ ਜਾਨ ਚਲੀ ਜਾਂਦੀ ਹੈ, ਜਿਸ ਕਰਕੇ ਕਰੋਨਾ ਮਰੀਜ਼ਾਂ ਦੀ ਮੌਤ ਦਰ ਵਧੀ ਹੈ। ਉਹਨਾਂ ਦੱਸਿਆ ਕਿ ਜੇਕਰ ਕੋਰੋਨਾ ਦੇ ਹਲਕੇ ਲੱਛਣ ਵੀ ਮਹਿਸੂਸ ਹੋਣ ਜਾਂ ਕੋਈ ਵਿਅਕਤੀ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਹੁੰਦਾ ਹੈ ਪਰ ਉਸ ਨੂੰ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹੁੰਦੇ ਤਾਂ ਵੀ ਸਬੰਧਿਤ ਵਿਅਕਤੀ ਟੈਸਟ ਜਰੂਰ ਕਰਵਾਏ ਤਾਂ ਜੋ ਸਹੀ ਸਮੇਂ ਤੇ ਸਥਿਤੀ ਸਪਸ਼ਟ ਹੋ ਸਕੇ। ਇਸ ਸਮੇਂ ਡਾ ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਜਾਗ੍ਰਿਤੀ ਚੰਦਰ ਜਿਲ੍ਹਾ ਟੀਕਾਕਰਣ ਅਫ਼ਸਰ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਵੀ ਹਾਜ਼ਰ ਸਨ।